ਗੁਰਨਾਮ ਸਿੰਘ ਚੌਹਾਨ
ਪਾਤੜਾਂ, 26 ਮਈ
ਸਿਹਤ ਸੇਵਾਵਾਂ ਵਿੱਚ ਸੁਧਾਰ ਦੇ ਮੱਦੇਨਜ਼ਰ ਸਿਵਲ ਸਰਜਨ ਪਟਿਆਲਾ ਰਾਜੂਧੀਰ ਨੇ ਪਾਤੜਾਂ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਹਸਪਤਾਲ ’ਚ ਇਲਾਜ ਲਈ ਭਰਤੀ ਮਰੀਜ਼ਾਂ ਨਾਲ ਗੱਲਬਾਤ ਕੀਤੀ ਤੇ ਸਾਫ਼ ਸਫ਼ਾਈ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਹਸਪਤਾਲ ਵਿੱਚ ਡਾਕਟਰਾਂ ਤੇ ਸਿਹਤ ਕਰਮਚਾਰੀਆਂ ਦੀਆਂ ਖਾਲੀ ਪੋਸਟਾਂ ਤੇ ਕਰਮਚਾਰੀ ਤਾਇਨਾਤ ਕਰਨ ਤੇ ਤਰੁੱਟੀਆਂ ਦਾ ਛੇਤੀ ਹੱਲ ਕਰਨ ਦਾ ਭਰੋਸਾ ਦਿਵਾਇਆ।
ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਪਿਆਰ ਨਾਲ ਬੋਲਣ ਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਭੇਜੀਆਂ ਗਈਆਂ ਦਵਾਈਆਂ ਦੇ ਨਾਲ ਉਨ੍ਹਾਂ ਦਾ ਇਲਾਜ ਕਰਨ ਦੀਆਂ ਸਖਤ ਹਦਾਇਤਾਂ ਕੀਤੀਆਂ। ਪਾਤੜਾਂ ਦੇ ਸਰਕਾਰੀ ਹਸਪਤਾਲ ਦਾ ਮੁਆਇਨਾਂ ਕਰਨ ਮਗਰੋਂ ਉਨ੍ਹਾਂ ਡਾਕਟਰ ਦਰਸ਼ਨ ਕੁਮਾਰ ਨੂੰ ਸਾਫ਼ ਸਫ਼ਾਈ ਕਰਕੇ ਇਸ ਦੀਆਂ ਫੋੋਟੋਆਂ ਭੇਜੇ ਜਾਣ ਲਈ ਕਿਹਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਡ ਪੱਧਰ ’ਤੇ ਸੁਧਾਰ ਲਈ ਆਪਣਾਂ ਸਹਿਯੋਗ ਤੇ ਸਲਾਹ ਦੇਣ। ਹਸਪਤਾਲ ’ਚ ਡਾਕਟਰਾਂ ਤੇ ਸਿਹਤ ਕਰਮਚਾਰੀਆਂ ਦੀ ਘਾਟ, ਜਨ ਔਸ਼ਧੀ ਡਿਸਪੈਂਸਰੀ ਨੂੰ ਬੰਦ ਕਰਨ ਤੇ ਮੁਨਿਆਦ ਪੁਗਾ ਚੁੱਕੀਆਂ ਲੱਖਾਂ ਰੁਪਏ ਦੀਆਂ ਦਵਾਈਆਂ ਬਿਨਾਂ ਵਰਤੇ ਬਰਬਾਦ ਹੋਣ ਬਾਰੇ ਉਨ੍ਹਾਂ ਦਰਸ਼ਨ ਕੁਮਾਰ ਐਸ.ਐਮ.ਓ ਸ਼ੁਤਰਾਣਾਂ ਨੂੰ ਹਦਾਇਤ ਕੀਤੀ ਕਿ ਇਸ ਬਾਰੇ ਰਿਪੋਰਟ ਬਣਾ ਕੇ ਛੇਤੀ ਹੀ ਭੇਜੀ ਜਾਵੇ।