ਗੁਰਨਾਮ ਸਿੰਘ ਚੌਹਾਨ
ਪਾਤੜਾਂ, 26 ਸਤੰਬਰ
ਸਬਜ਼ੀ ਮੰਡੀ ਵਿੱਚ ਕੁਝ ਵਪਾਰੀਆਂ ਵੱਲੋਂ ਬਿੱਲਾਂ ਵਿੱਚ ਕਥਿਤ ਹੇਰਾਫੇਰੀ ਕਰ ਕੇ ਤੇ ਮਾਰਕੀਟ ਫ਼ੀਸ ਵਿੱਚ ਵੱਡਾ ਚੂਨਾ ਲਗਾਇਆ ਜਾ ਰਿਹਾ ਹੈ। ਸਬਜ਼ੀ ਮੰਡੀ ਵਿੱਚ ਕੰਮ ਕਰਨ ਵਾਲੇ ਕੁਝ ਵਪਾਰੀਆਂ ਵੱਲੋਂ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਨੂੰ ਮੰਡੀ ਵਿੱਚ ਵਿਕਣ ਆਏ ਮਾਲ ਦੀ ਮਿਕਦਾਰ ਘੱਟ ਲਿਖਾ ਕੇ ਵੱਡੀ ਪੱਧਰ ’ਤੇ ਗੋਲਮਾਲ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਅਜਿਹੀਆਂ ਚਰਚਾਵਾਂ ਦਾ ਖੰਡਨ ਕੀਤਾ ਹੈ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਚੁਨਾਗਰਾ ਇਲਾਕੇ ’ਚ ਚੱਲਦੀ ਸਬਜ਼ੀ ਮੰਡੀ ’ਚ ਇੱਥੋਂ ਦੇ ਕੁਝ ਵਪਾਰੀ ਦਿੱਲੀ ਅਤੇ ਹਰਿਆਣਾ ਤੋਂ ਫ਼ਲ, ਸਬਜ਼ੀਆਂ ਖਰੀਦ ਕੇ ਲਿਆਉਣ ਸਮੇਂ ਉੱਥੋਂ ਦੇ ਵਪਾਰੀਆਂ ਨਾਲ ਕਥਿਤ ਮਿਲੀਭੁਗਤ ਕਰਕੇ ਦੋ ਬਿੱਲ ਕਟਵਾ ਲੈਂਦੇ ਹਨ। ਘੱਟ ਮਾਲ ਵਾਲਾ ਬਿੱਲ ਮਾਰਕੀਟ ਕਮੇਟੀ ਪਾਤੜਾਂ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਦਿਖਾ ਮਾਰਕੀਟ ਕਮੇਟੀ ਦੀ ਫ਼ੀਸ ਵਿੱਚ ਹੇਰਾਫੇਰੀ ਕਰ ਕੇ ਆਪਣੀਆਂ ਤਿਜੌਰੀਆਂ ਭਰ ਰਹੇ ਹਨ ਜਦਕਿ ਕੁਝ ਆੜ੍ਹਤੀਆਂ ਨੇ ਸਬਜ਼ੀ ਮੰਡੀ ਤੋਂ ਬਾਹਰ ਵੱਖਰੇ ਤੌਰ ’ਤੇ ਆਪਣੇ ਸਟੋਰ ਬਣਾਏ ਹੋਏ ਹਨ ਜਿੱਥੋਂ ਖਰੀਦਦਾਰਾਂ ਨੂੰ ਸਿੱਧਾ ਮਾਲ ਚੁਕਵਾ ਕੇ ਮਾਰਕੀਟ ਫ਼ੀਸ ਦੀ ਚੋਰੀ ਕੀਤੀ ਜਾਂਦੀ ਹੈ। ਮਾਰਕੀਟ ਕਮੇਟੀ ਪਾਤੜਾਂ ਦੇ ਸਕੱਤਰ ਕੁਲਵੰਤ ਸਿੰਘ ਨੇ ਕਿਹਾ ਕਿ ਸਬਜ਼ੀ ਮੰਡੀ ਵਿੱਚ ਉਨ੍ਹਾਂ ਦੇ ਖਿਆਲ ਮੁਤਾਬਕ ਕੋਈ ਹੇਰਾ-ਫੇਰੀ ਨਹੀਂ ਹੁੰਦੀ ਪਰ ਫਿਰ ਵੀ ਉਹ ਪੜਤਾਲ ਕਰਵਾਉਣਗੇ ਤੇ ਜੇਕਰ ਕੋਈ ਦੋਸ਼ੀ ਮਿਲਿਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।