ਖੇਤਰੀ ਪ੍ਰਤੀਨਿਧ
ਧੂਰੀ, 14 ਅਕਤੂਬਰ
ਧੂਰੀ ਤੋਂ ਨਾਭਾ ਵਾਇਆ ਛੀਂਟਾਵਾਲਾ ਨੂੰ ਜਾਂਦੀ ਮੁੱਖ ਸੜਕ ਦੀ ਮਾੜੀ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ ਅਤੇ ਉਨ੍ਹਾਂ ਵੱਲੋਂ ਸਮੇ ਤੋਂ ਪਹਿਲਾਂ ਸੜਕ ਟੁੱਟਣ ਦੀ ਜਾਂਚ ਮੰਗੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸੰਸਥਾ ਦੇ ਆਗੂ ਕਿਰਪਾਲ ਸਿੰਘ ਰਾਜੋਮਾਜਰਾ, ਹਰਬੰਸ ਸਿੰਘ ਸੋਢੀ, ਜਗਦੀਸ਼ ਸ਼ਰਮਾ ਨੇ ਕਿਹਾ ਕਿ ਇਸ ਸੜਕ ਰਾਹੀਂ ਲੋਕ ਧੂਰੀ ਤੋਂ ਨਾਭਾ, ਪਟਿਆਲਾ, ਚੰਡੀਗੜ੍ਹ ਨੂੰ ਜਾਂਦੇ ਹਨ ਅਤੇ ਇਸ ਸੜਕ ਉੱਪਰ ਦਰਜਨਾਂ ਪਿੰਡਾਂ ਦੇ ਲੋਕ ਸ਼ਹਿਰ ਆ ਕੇ ਜ਼ਰੂਰੀ ਸਾਮਾਨ ਖ਼ਰੀਦਦੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਤੋਂ ਸੈਂਕੜੇ ਵਿਦਿਆਰਥੀ ਅਪਣੀ ਪੜ੍ਹਾਈ ਕਰਨ ਲਈ ਇਸ ਸੜਕ ਦੀ ਵਰਤੋਂ ਕਰਦੇ ਹਨ ਪਰ ਹੁਣ ਇਹ ਸੜਕ ਥਾਂ ਥਾਂ ਤੋਂ ਟੁੱਟ ਚੁੱਕੀ ਹੈ ਅਤੇ ਸੜਕ ’ਤੇ ਵੱਡੇ ਵੱਡੇ ਡੂੰਘੇ ਟੋਏ ਪੈ ਗਏ ਹਨ ਜੋਂ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਉਨ੍ਹਾਂ ਕਿਹਾ ਇਹ ਮੁੱਖ ਸੜਕ ਕੁਝ ਸਾਲ ਪਹਿਲਾਂ ਹੀ ਬਣੀ ਸੀ ਜਿਸ ਦਾ ਇੱਕ ਮੀਂਹ ਪੈਣ ਤੋਂ ਬਾਅਦ ਟੁੱਟ ਜਾਣਾ ਆਪਣੇ ਆਪ ਵਿੱਚ ਸੁਆਲ ਖੜ੍ਹੇ ਕਰਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਦੁਬਾਰਾ ਬਣਾਉਣ ਦੇ ਨਾਲ ਨਾਲ ਇਸ ਦੇ ਟੁੱਟਣ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਸਬੰਧੀ ਸੰਬਧਿਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਇਹ ਸੜਕ ਉਨ੍ਹਾਂ ਦੇ ਧਿਆਨ ਵਿੱਚ ਹੈ। ਇਸ ਦੀ ਜਲਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ ਤੇ ਕੰਮ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਧੂਰੀ ਸ਼ਹਿਰ ਅੰਦਰ ਬੱਸ ਸਟੈਂਡ ਰੋਡ, ਪੰਜਾਹ ਫੁੱਟੀ ਸੜਕ, ਵਾਰਡ ਨੰਬਰ ਚਾਰ ਦੀ ਪਾਰਕ ਵਾਲੀ ਸੜਕ, ਰਾਮਗੜ੍ਹੀਆ ਗੁਰੂ ਘਰ ਵਾਲੀ ਸੜਕ, ਰਜਵਾਹੇ ਦੇ ਆਲੇ ਦੁਆਲੇ ਵਾਲੀ ਸੜਕਾ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਇਹ ਸੜਕਾਂ ਬਣਨ ਤੋਂ ਬਾਅਦ ਇਕ ਮੀਂਹ ਵੀ ਸਹਿਣ ਨਹੀਂ ਕਰ ਸਕੀਆਂ ਤੇ ਟੁੱਟ ਗਈਆਂ ਹਨ।