ਖੇਤਰੀ ਪ੍ਰਤੀਨਿਧ
ਪਟਿਆਲਾ, 19 ਜੁਲਾਈ
ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸੀ ਅਤੇ ਡੀ ਬਲਾਕ ਦੇ ਪਿਛਲੇ ਪਾਸੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੇ ਦਫ਼ਤਰ ਨੇੜੇ ਛੋਟੇ ਬੱਚਿਆਂ ਲਈ ਕਰੈਚ ਸਥਾਪਤ ਕੀਤਾ ਗਿਆ ਹੈ। ‘ਕਿਲਕਾਰੀਆਂ’ ਨਾਂ ਦੇ ਇਸ ਕਰੈੱਚ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਹ ਕਰੈੱਚ ਡੀਸੀ ਤੇ ਐਸਐਸਪੀ ਸਣੇ ਲੋਕ ਨਿਰਮਾਣ ਵਿਭਾਗ ਦੇ ਦਫ਼ਤਰਾਂ ’ਚ ਕੰਮ ਕਰਦੀਆਂ ਮੁਲਾਜ਼ਮ ਮਹਿਲਾਵਾਂ ਦੇ ਛੋਟੇ ਬੱਚਿਆਂ ਲਈ ਵਰਦਾਨ ਸਾਬਤ ਹੋਵੇਗਾ। ਇਸ ਸਬੰਧੀ ਸਹਾਇਕ ਕਮਿਸ਼ਨਰ (ਜ) ਕਿਰਨ ਸ਼ਰਮਾ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ ਅਤੇ ਸੀਡੀਪੀਓ ਕੋਮਲਪ੍ਰੀਤ ਕੌਰ ਦੀ ਸ਼ਲਾਘਾ ਕਰਦਿਆਂ ਡੀਸੀ ਨੇ ਕਿਹਾ ਕਿ ਇਨ੍ਹਾਂ ਨੇ ਬਹੁਤ ਹੀ ਘੱਟ ਸਮੇਂ ’ਚ ਮਹਿਲਾ ਮੁਲਾਜ਼ਮਾਂ ਦੇ ਬੱਚਿਆਂ ਦੀ ਸੰਭਾਲ ਲਈ ਸੁੰਦਰ ਕਰੈੱਚ ਸਥਾਪਤ ਕੀਤਾ ਹੈ। ਡੀਸੀ ਆਪਣੀ ਧੀ ਸਣੇ ਕਰੈੱਚ ਵਿੱਚ ਬੱਚਿਆਂ ਨਾਲ ਖੇਡੇ ਤੇ ਉਨ੍ਹਾਂ ਨੂੰ ਚਾਕਲੇਟ ਤੇ ਲੱਡੂ ਵੰਡੇ। ਇਸ ਮੌਕੇ ਏਡੀਸੀ ਗੌਤਮ ਜੈਨ ਤੇ ਈਸ਼ਾ ਸਿੰਘਲ, ਐਸਡੀਐਮ ਡਾ. ਇਸਮਤ ਵਿਜੇ ਸਿੰਘ ਸਣੇ ਬੱਚਿਆਂ ਦੀਆਂ ਮਾਵਾਂ ਮੌਜੂਦ ਸਨ।