ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਅਗਸਤ
ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ, ਜਿਥੇ ਪੰਜਾਬ ਦੇ ਦਸ ਜਿਲਿ੍ਹਆਂ ਦੇ ਗੰਭੀਰ ਮਰੀਜ਼ ਦਾਖਲ ਕੀਤੇ ਜਾਂਦੇ ਹਨ, ਵਿੱਚ ਕਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ 61 ਫੀਸਦੀ ਹੈ। ਪੰਜਾਬ ਦੀ ਮੌਤ ਦਰ 2.58 ਹੈ ਜਦੋਂਕਿ ਪਟਿਆਲਾ ਦੀ ਮੌਤ ਦਰ 2.48 ਹੈ। ਪਰ ਗੰਭੀਰ ਮਰੀਜ਼ਾਂ ਦੀ 100 ਵਿੱਚੋਂ 12 ਤੋਂ 15 ਫੀਸਦੀ ਹੈ, ਤਾਂ ਰਾਜਿੰਦਰਾ ਹਸਪਤਾਲ ’ਚ ਵਿੱਚ 15 ਗੰਭੀਰ ਮਰੀਜ਼ਾਂ ’ਚੋਂ 2 ਜਾਂ 3 ਮਰੀਜ਼ਾਂ ਦੀ ਹੀ ਮੌਤ ਹੁੰਦੀ ਹੈ। ਮਰਨ ਵਾਲ਼ਿਆਂ ’ਚ 99 ਫੀਸਦੀ ਤਾਂ ਗੰਭੀਰ ਮਰੀਜ਼ ਸਨ, ਜੋੋ ਹੋਰ ਬਿਮਾਰੀ ਦੇ ਸ਼ਿਕਾਰ ਵੀ ਸਨ। ਇਹ ਪ੍ਰਗਟਾਵਾ ਇਸ ਹਸਪਤਾਲ਼ ਦੀ ਕੋਵਿਡ ਕੇਅਰ ਇੰਚਾਰਜ ਸੁਰਭੀ ਮਲਿਕ ਨੇ ਕੀਤਾ।
ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ’ਚ ਦਸ ਜਿਲਿ੍ਹਆਂ ਦੇ ਗੰਭੀਰ ਮਰੀਜ ਦਾਖਲ ਕੀਤੇ ਜਾਂਦੇ ਹਨ। ਘੱੱਟ ਲੱਛਣਾਂ ਵਾਲੇ ਮਰੀਜ਼ਾਂ ਲਈ ਆਕਸੀਜ਼ਨ ਸਹੂਲਤ ਨਾਲ ਲੈਸ 512 ਬੈੱਡਾਂ ਸਮੇਤ 88 ਆਈਸੀਯੂ ਬੈੱਡ ਹਨ। ਜਿਨ੍ਹਾਂ ਨਾਲ 66 ਵੈਂਟੀਲੇਟਰ ਵੀ ਹਨ। ਉਨ੍ਹਾਂ ਦੱਸਿਆ ਕਿ ਕੋਵਿਡ ਆਈਸੀਯੂ ’ਚ ਦੋ ਡਾਇਲੇਸਸ ਮਸ਼ੀਨਾਂ, ਪੋਰਟੇਬਲ ਐਕਸਰੇ ਮਸ਼ੀਨਾਂ, ਪੋਰਟੇਬਲ ਅਲਟਰਾਸਾਊਂਡ ਮਸ਼ੀਨਾਂ, ਥਰੰਬੋਸਿਸ ਨੂੰ ਚੈੱਕ ਕਰਨ ਲਈ ਖ਼ੂਨ ਦਾ ਥੱਕਾ ਜੰਮਣ ਦਾ ਟੈਸਟ ਹਰ ਮਰੀਜ਼ ਦਾ ਲਾਜ਼ਮੀ ਟੈਸਟ ਕੀਤਾ ਜਾਂਦਾ ਹੈ ਤੇ ਤੁਰੰਤ ਦਵਾਈ ਦੇਣ ਦੀ ਸਵਿਧਾ ਵੀ ਹੈ। ਬੇਸ਼ੱਕ ਕੋਵਿਡ ਦਾ ਕੋਈ ਇਲਾਜ ਨਹੀਂ, ਪ੍ਰੰਤੂ ਦਾਖਲ ਲੋਣ ਵਾਲੇ ਪਾਜ਼ੇਟਿਵ ਜਾਂ ਸ਼ੱਕੀ ਮਰੀਜ਼ਾਂ ਦੇ ਲੋੜੀਂਦੇ ਟੈਸਟ ਕਰਵਾ ਕੇ ਆਧੁਨਿਕ ਵਿਗਿਆਨਕ ਜਾਣਕਾਰੀ ਮੁਤਾਬਕ ਇਲਾਜ ਕੀਤਾ ਜਾਂਦਾ ਹੈ।
ਇਥੇ 12 ਯੂਨਿਟ ਪਲਾਜ਼ਮਾ ਮੌਜੂਦ ਹੈ ਤੇ ਇਸ ਥੈਰੇਪੀ ਨਾਲ ਇਕ ਮਰੀਜ ਸਿਹਤਯਾਬ ਵੀ ਹੋ ਰਿਹਾ ਹੈ, ਪਰ ਇਹ ਥੈਰੇਪੀ ਡਾਕਟਰਾਂ ਵੱਲੋਂ ਸਾਰੇ ਪਹਿਲੂ ਦੇਖ ਕੇ ਹੀ ਵਰਤੀ ਜਾਂਦੀ ਹੈ। ਹਰੀਸ਼ ਮਿਗਲਾਨੀ ਦੇ ਸਵਾਲ ਦੇ ਜਵਾਬ ’ਚ ਮ੍ਰਿਤਕ ਮਰੀਜ਼ਾਂ ਦੇ ਅੰਗ ਕੱਢੇ ਜਾਣ ਦੀਆਂ ਅਫ਼ਵਾਹਾਂ ਦਾ ਪੁਰਜ਼ੋਰ ਖੰਡਨ ਕਰਦਿਆਂ ਕਿਹਾ ਕਿ ਵਿਗਿਆਨਕ ਤੌਰ ’ਤੇ ਵੀ ਕੋਵਿਡ ਵਾਰਡ ’ਚ ਅਜਿਹੀ ਕੋਈ ਸੁਵਿਧਾ ਨਾ ਹੋਣ ਕਰਕੇ, ਇਹ ਸੰਭਵ ਹੀ ਨਹੀਂ ਹੈ।