ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਜੁਲਾਈ
ਇੱਥੋਂ ਦੀ ਰਾਜਿੰਦਰਾ ਝੀਲ ਵਿੱਚੋਂ ਲੰਘੇ ਕੱਲ੍ਹ ਮਰੀਆਂ ਮੱਛੀਆਂ ਮਿਲਣ ਦਾ ਮਾਮਲਾ ਅਜੇ ਵੀ ਭੇਤ ਬਣਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਮੱਛੀਆਂ ਮਰਨ ਦਾ ਕਾਰਨ ਝੀਲ ਵਿੱਚ ਆਕਸੀਜਨ ਦਾ ਘਟਣਾ ਹੈ। ਇਸ ਲਈ ਝੀਲ ਵਿੱਚ ਆਕਸੀਜਨ ਵਧਾਉਣ ਲਈ ਪਾਣੀ ਵਿੱਚ ਚੂਨਾ ਸੁੱਟਿਆ ਗਿਆ।
ਜ਼ਿਕਰਯੋਗ ਹੈ ਕਿ ਝੀਲ ਦੀ ਪੁਨਰ-ਸੁਰਜੀਤੀ ਦਾ ਕੰਮ ਮੁਕੰਮਲ ਹੋਣ ਮਗਰੋਂ ਇਸ ’ਚ ਭਾਖੜਾ ਮੇਨ ਲਾਈਨ ਨਹਿਰ ਦਾ ਪਾਣੀ ਛੱਡਿਆ ਗਿਆ ਸੀ ਜਿਸ ਦੌਰਾਨ ਇਸ ਝੀਲ ਵਿੱਚ ਵਧੇਰੇ ਗਿਣਤੀ ’ਚ ਮੱਛੀਆਂ ਮਰੀਆਂ ਪਾਈਆਂ ਗਈਆਂ। ਇਸ ਦਾ ਪਤਾ ਇਨ੍ਹਾਂ ਮ੍ਰਿਤਕ ਮੱਛੀਆਂ ਤੋਂ ਫੈਲੀ ਮੁਸ਼ਕ ਤੋਂ ਲੱਗਿਆ। ਉਂਜ ਅਧਿਕਾਰਤ ਤੌਰ ’ਤੇ ਅਜੇ ਇਸ ਝੀਲ ਵਿੱਚ ਮੱਛੀਆਂ ਨਹੀਂ ਛੱਡੀਆਂ ਗਈਆਂ। ਇਸ ਕਰਕੇ ਇੱਥੇ ਮੱਛੀਆਂ ਦੀ ਵਧੇਰੇ ਤਾਦਾਦ ਵੀ ਭੇਤ ਬਣੀ ਹੋਈ ਹੈ। ਭਾਵੇਂ ਮੱਛੀਆਂ ਦੀ ਮੌਤ ਦੀ ਘਟਨਾ ਨੂੰ ਇਸ ਝੀਲ ਵਿਚਲੇ ਪਾਣੀ ਵਿੱਚ ਆਕਸੀਜਨ ਦਾ ਪੱਧਰ ਘੱਟ ਜਾਣਾ ਮੰਨਿਆ ਜਾ ਰਿਹਾ ਹੈ ਪਰ ਅਧਿਕਾਰਤ ਤੌਰ ’ਤੇ ਅਜੇ ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕੀ। ਉਧਰ ਸਥਿਤੀ ਸਪੱਸ਼ਟ ਕਰਨ ਲਈ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੀਡੀਆ ਨਾਲ਼ ਗੱਲ ਕਰਨ ਤੋਂ ਕਤਰਾਉਣ ਸਮੇਤ ਅਜਿਹੇ ਹੀ ਕੁਝ ਹੋਰ ਪਹਿਲੂਆਂ ਕਾਰਨ ਮੱਛੀਆਂ ਦੀ ਮੌਤ ਦਾ ਮਾਮਲਾ ਅਜੇ ਭੇਤ ਹੀ ਬਣਿਆ ਹੋਇਆ ਹੈ। ਉਧਰ ਮੱਛੀ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਪਵਨ ਕੁਮਾਰ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਇਸ ਝੀਲ ’ਚ ਕੋਈ ਵੀ ਮੱਛੀ ਨਹੀਂ ਛੱਡੀ ਗਈ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਇਹ ਮੱਛੀਆਂ ਇਸ ਝੀਲ ਵਿੱਚ ਛੱਡੇ ਗਏ ਨਹਿਰੀ ਪਾਣੀ ਰਾਹੀਂ ਆਈਆਂ ਹੋ ਸਕਦੀਆਂ ਹਨ। ਦੂਜੇ ਬੰਨੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਵੀ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਪੂਰੀ ਛਾਣਬੀਣ ਕਰਨ ਅਤੇ ਮਰੀਆਂ ਹੋਈਆਂ ਮੱਛੀਆ ਨੂੰ ਝੀਲ ਵਿੱਚੋਂ ਬਾਹਰ ਕੱਢਣ ਸਮੇਤ ਹੋਰ ਲੋੜੀਂਦੇ ਕਦਮ ਚੁੱਕਣ ਦੀ ਤਾਕੀਦ ਕੀਤੀ ਹੈ।
ਮੱਛੀ ਪਾਲਣ ਵਿਭਾਗ ਦੇ ਅਧਿਕਾਰੀ ਤਰਕ ਦੇ ਰਹੇ ਹਨ ਕਿ ਮੌਜੂਦਾ ਸਮਾਂ ਮੱਛੀਆਂ ਦੇ ਪ੍ਰਜਨਣ ਦਾ ਸੀਜ਼ਨ ਹੋਣ ਕਰਕੇ ਇਨ੍ਹਾਂ ਮੱਛੀਆਂ ਦੀ ਤਾਦਾਦ ’ਚ ਵਾਧਾ ਹੋਇਆ ਹੈ ਪਰ ਬਰਸਾਤ ਦੇ ਮੌਸਮ ਕਰਕੇ ਹਵਾ ’ਚ ਨਮੀ ਦੀ ਮਾਤਰਾ ਵਧੀ ਹੋਈ ਹੈ ਜਿਸ ਕਰਕੇ ਝੀਲ ਦੇ ਪਾਣੀ ’ਚ ਘੁਲ਼ੀ ਹੋਈ ਆਕਸੀਜਨ ਦੀ ਮਾਤਰਾ ਘਟਣਾ ਹੀ ਮੱਛੀਆਂ ਦੀ ਮੌਤ ਦਾ ਕਾਰਨ ਬਣਿਆ ਹੈ। ਇਸੇ ਦੌਰਾਨ ਜਲ ਨਿਕਾਸ ਵਿਭਾਗ ਦੇ ਚੀਫ ਇੰਜਨੀਅਰ ਦਵਿੰਦਰ ਸਿੰਘ ਮੁਤਾਬਕ ਝੀਲ ਦੇ ਪਾਣੀ ’ਚ ਸਾਫ਼ ਹਵਾ ਦਾ ਪੱਧਰ ਵਧਾਉਣ ਲਈ ਝੀਲ ’ਚ ਫੁਹਾਰੇ ਵੀ ਚਲਾਏ ਜਾ ਰਹੇ ਹਨ। ਮੱਛੀ ਪਾਲਣ ਵਿਭਾਗ ਦੀ ਸਲਾਹ ਮੁਤਾਬਕ ਝੀਲ ਦੇ ਪਾਣੀ ’ਚ ਚੂਨਾ ਵੀ ਮਿਲਾਇਆ ਜਾ ਰਿਹਾ ਹੈ ਤਾਂ ਕਿ ਇਸ ਪਾਣੀ ’ਚ ਘੁਲ਼ੀ ਹੋਈ ਆਕਸੀਜਨ ਵੀ ਵਧ ਸਕੇ। ਦੂਜੇ ਬੰਨੇ ਮੇਅਰ ਸੰਜੀਵ ਬਿੱਟੂ ਦਾ ਕਹਿਣਾ ਸੀ ਕਿ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਝੀਲ ਦੇ ਪਾਣੀ ਦੀ ਸਫ਼ਾਈ ਕੀਤੀ ਜਾ ਰਹੀ ਹੈ।
ਝੀਲ ਦੀ ਸਫ਼ਾਈ ਨਾ ਹੋਣ ਕਾਰਨ ਮਰੀਆਂ ਮੱਛੀਆਂ: ‘ਆਪ’
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਇੱਥੋਂ ਦੀ ਰਾਜਿੰਦਰਾ ਝੀਲ ਵਿੱਚ ਸਫ਼ਾਈ ਨਾ ਹੋਣ ਕਰਕੇ ਸੈਂਕੜਿਆਂ ਦੀ ਤਾਦਾਦ ਵਿੱਚ ਮੱਛੀਆਂ ਮਰ ਗਈਆਂ ਹਨ। ਇਸ ਸਬੰਧੀ ਆਮ ਆਦਮੀ ਪਾਰਟੀ ਨੇ ਮੁੱਦਾ ਚੁੱਕਦਿਆਂ ਸਾਰਾ ਦੋਸ਼ ਨਗਰ ਨਿਗਮ ’ਤੇ ਮੜ੍ਹਿਆ ਹੈ। ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ, ਸ਼ਹਿਰੀ ਆਗੂ ਕੁੰਦਨ ਗੋਗੀਆ, ਗਗਨ ਚੱਢਾ ਆਦਿ ਨੇ ਦੱਸਿਆ ਕਿ ਮੱਛੀਆਂ ਮਰਨ ਬਾਰੇ ਪਤਾ ਲੱਗਣ ’ਤੇ ਉਹ ਤੁਰੰਤ ਆਪਣੇ ਸਾਥੀ ਸੋਸ਼ਲ ਮੀਡੀਆ ਕੋਆਰਡੀਨੇਟਰ ਗੋਲ ਰਾਜਪੂਤ ਨੂੰ ਨਾਲ ਲੈ ਕੇ ਰਾਜਿੰਦਰਾ ਝੀਲ ਪਹੁੰਚੇ, ਉੱਥੇ ਜਾ ਕੇ ਦੇਖਿਆ ਤਾਂ ਝੀਲ ਵਿੱਚ ਕਾਫ਼ੀ ਵੱਡੀ ਸੰਖਿਆ ਵਿੱਚ ਮਰੀਆਂ ਹੋਈਆਂ ਮੱਛੀਆਂ ਪਾਣੀ ਵਿੱਚ ਤੈਰ ਰਹੀਆਂ ਸਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਟਿਆਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਝੀਲ ਵਿੱਚੋਂ ਮਰੀਆਂ ਹੋਈਆਂ ਮੱਛੀਆਂ ਕੱਢ ਕੇ ਇਸ ਦੀ ਸਫ਼ਾਈ ਜਲਦ ਤੋਂ ਜਲਦ ਕਰਵਾਈ ਜਾਵੇ।