ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਸਤੰਬਰ
ਤਿੰਨ ਪਹੀਆ ਰੇਹੜੀ ਦੇ ਅੱਗੇ ਮੋਟਰਸਾਈਕਲ ਫਿੱਟ ਕਰਨ ਸਮੇਤ ਹੋਰ ਵੱਖ ਵੱਖ ਢੰਗ ਤਰੀਕਿਆਂ ਨਾਲ ਜੁਗਾੜੂ ਰੇਹੜੀਆਂ ਤਿਆਰ ਕਰਕੇ ਇਨ੍ਹਾਂ ਜ਼ਰੀਏ ਢੋਅ ਢੁਆਈ ਦਾ ਕੰਮ ਕਰਨ ਵਾਲਿਆਂ ਦੇ ਖ਼ਿਲਾਫ਼ ਪੁਲੀਸ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਦਰ ਬਣਾਈਆਂ ਗਈਆਂ ਜੁਗਾੜੂ ਰੇਹੜੀਆਂ ਨਾਲ ਇਹ ਰੇਹੜੀ ਚਾਲਕ ਵੱੱਖ-ਵੱਖ ਤਰਾਂ ਦੇ ਸਾਜ਼ੋ-ਸਾਮਾਨ ਦੀ ਢੋਅ ਢੁਆਈ ਕਰ ਰਹੇ ਹਨ। ਇਥੋਂ ਤੱਕ ਕਿ ਘਰ-ਘਰ ਜਾ ਕੇ ਗੈਸ ਸਿਲੰਡਰ ਸਪਲਾਈ ਕਰਨ ਵਾਲੇ ਵਰਕਰਾਂ ਵਿਚੋਂ ਵੀ ਬਹੁਤਿਆਂ ਵੱਲੋਂ ਇਸੇ ਤਰ੍ਹਾਂ ਦੀਆਂ ਜੁਗਾੜੂ ਰੇਹੜੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਇਨ੍ਹਾਂ ਦਾ ਕਹਿਣਾ ਹੈ ਕਿ ਹੁਣ ਕੁਝ ਸਮੇਂ ਤੋਂ ਉਨ੍ਹਾਂ ਨੂੰ ਕਥਿਤ ਰੂਪ ਵਿਚ ਪੁਲੀਸ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅਜਿਹੇ ਕੁਝ ਰੇਹੜੀ ਚਾਲਕਾਂ ਦਾ ਕਹਿਣਾ ਹੈ ਕਿ ਪੁਲੀਸ ਵੱਲੋਂ ਜਿਥੇ ਉਨ੍ਹਾਂ ਦੇ ਚਲਾਨ ਕੀਤੇ ਜਾ ਰਹੇ ਹਨ, ਉਥੇ ਹੀ ਉਨ੍ਹਾਂ ਦੀਆਂ ਰੇਹੜੀਆਂ ਥਾਣਿਆਂ ਵਿਚ ਵੀ ਬੰਦ ਕਰ ਦਿੱਤੀਆਂ ਹਨ। ਜਿਸ ਕਾਰਨ ਉਨ੍ਹਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ।
ਇਸੇ ਦੌਰਾਨ ਇਸ ਮਾਮਲੇ ਨੂੰ ਗੈਸ ਏਜੰਸੀ ਵਰਕਰ ਯੂਨੀਅਨ (ਇਫਟੂ) ਵੱਲੋਂ ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ਬਿੱਲਾ ਦੀ ਅਗਵਾਈ ਹੇਠਾਂ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਵੀ ਦਿੱਤਾ ਗਿਆ। ਜਿਸ ਦੌਰਾਨ ਲੋਕ ਸੰਘਰਸ਼ ਕਮੇਟੀ ਦੇ ਆਗੂ ਸੁਰਿੰਦਰ ਸਿੰਘ ਖਾਲਸਾ, ਸ੍ਰੀ ਨਾਥ ਜੀ ਰਾਮ ਚੰਦ ਲਹਿਲ, ਰਾਮ ਚੰਦ ਬਖਸ਼ੀਵਾਲਾ, ਜਸਪਾਲ ਸਿੰਘ, ਧੀਰਜ ਕੁਮਾਰ ਆਦਿ ਵੀ ਹਾਜ਼ਰ ਸਨ। ਇਸ ਮੌਕੇ ਐੱਸ.ਡੀ.ਐੱਮ. ਚਰਨਜੀਤ ਸਿੰਘ ਨੇ ਜਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਦੌਰਾਨ ਇਸ ਮਸਲੇ ਦੇ ਸਥਾਈ ਹੱਲ ਦਾ ਭਰੋਸਾ ਦਿੱਤਾ , ਜਿਸ ਮਗਰੋਂ ਹੀ ਇਹ ਧਰਨਾ ਸਮਾਪਤ ਕੀਤਾ ਗਿਆ।