ਖੇਤਰੀ ਪ੍ਰਤੀਨਿਧ
ਪਟਿਆਲਾ, 28 ਸਤੰਬਰ
2004 ਤੋਂ ਬਾਅਦ ਭਾਰਤੀ ਹੋਏ ਮੁਲਾਜ਼ਮਾਂ ਲਈ ਪੈਨਸ਼ਨ ਦੀ ਵਿਵਸਥਾ ਨਹੀਂ ਹੈ ਪਰ ਦੂਜੀਆਂ ਸਰਕਾਰਾਂ ਦੀ ਤਰ੍ਹਾਂ ‘ਆਪ’ ਸਰਕਾਰ ਨੇ ਵੀ ਚੋਣਾਂ ਤੋਂ ਪਹਿਲਾਂ ਵਾਆਦਾ ਕੀਤਾ ਸੀ ਕਿ ਸੱਤਾ ’ਚ ਆਉਣ ’ਤੇ ‘ਪੁਰਾਣੀ ਪੈਨਸ਼ਨ ਸਕੀਮ’ ਬਹਾਲ ਕੀਤੀ ਜਾਵੇਗੀ। ਪਰ ਛਿਮਾਹੀ ਮਗਰੋਂ ਵੀ ਅਮਲ ਨਾ ਹੋਣ ਤੋਂ ਤਪੇ ਮੁਲਾਜ਼ਮਾਂ ਨੇ ‘ਆਪ’ ਸਰਕਾਰ ਖ਼ਿਲਾਫ਼ ਝੰਡਾ ਚੁੱਕ ਲਿਆ ਹੈ। ਜਿਸ ਦੇ ਚੱਲਦਿਆਂ, ‘ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ’ ਦੀ ਪਟਿਆਲਾ ਇਕਾਈ ਵੱਲੋਂ ਅੱਜ ਇਥੇ ਡੀਈਓ ਦਫ਼ਤਰ ਵਿੱਚ ਸਰਕਾਰ ਦੇ ਲਾਰਿਆਂ ਦੀ ਪੰਡ ਫੂਕ ਕੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ ਸੰਘਰਸ਼ ਦਾ ਆਗਾਜ ਕਰ ਦਿੱਤਾ ਗਿਆ। ਸਰਕਾਰ ਨੂੰ ਮਹੀਨੇ ਦਾ ਅਲਟੀਮੇਟਮ ਦਿੰਦਿਆਂ, ਜਿਥੇ 30 ਅਕਤੂਬਰ ਨੂੰ ਮੁੱਖ ਮੰਤਰੀ ਦੇ ਹਲਕੇ ਧੂਰੀ ’ਚ ਸੂੂਬਾਈ ਰੈਲੀ ਕਰਨ ਦਾ ਐਲਾਨ ਕੀਤਾ ਗਿਆ,ਉਥੇ ਹੀ ਫੇਰ ਵੀ ਸੰਜੀਦਗੀ ਨਾ ਵਿਖਾਉਣ ’ਤੇ ਪੰਜਾਬ ਦੇ ਪੀੜਤ ਮੁਲਾਜ਼ਮ ਹਿਮਾਚਲ ਤੇ ਗੁਜਰਾਤ ਚੋਣਾਂ ਦੌਰਾਨ ਉਥੋਂ ਦੇ ਕੇ ਵੋਟਰਾਂ ਵਿਚ ਜਾ ਕੇ ‘ਆਪ’ ਦਾ ਅਸਲੀ ਚਿਹਰਾ ਬੇਨਕਾਬ ਕਰਨ ਵਰਗੇ ਸਖਤ ਐਕਸ਼ਨ ਉਲੀਕਣ ਤੋਂ ਵੀ ਗੁਰੇਜ ਨਹੀਂ ਕਰਨਗੇ।
ਅੱਜ ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ, ਜਥੇਬੰਦੀ ਦੇ ਜ਼ਿਲ੍ਹਾ ਕਨਵੀਨਰ ਹਿੰਮਤ ਸਿੰਘ ਤੇ ਜਰਨਲ ਸਕੱਤਰ ਹਰਪ੍ਰੀਤ ਉੱਪਲ ਨੇ ਕਿਹਾ ਕਿ ਬੇਸ਼ਕ ਮੁੱਖ ਮੰਤਰੀ ਵੱਲੋਂ ਮੁੱਖ ਸਕੱਤਰ ਨੂੰ ਟਵੀਟ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਆਖਿਆ ਹੈ ਪਰ ਛੇ ਮਹੀਨਿਆਂ ’ਚ ਕੇਵਲ ਇੱਕ ਟਵੀਟ ਤੱਕ ਹੀ ਅੱਪੜ ਸਕਣਾ ਨਾ ਕਾਫ਼ੀ ਹੈੇ। ਇਸ ਸਬੰਧੀ ਫੌਰੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕਰਦਿਆਂ, ਸਬਜ਼ਬਾਗ ਦਿਖਾ ਕੇ ਸੱਤਾ ਹਥਿਆਉਣਾ ਪਿਛਲੀਆਂ ਪਾਰਟੀਆਂ/ ਸਰਕਾਰਾਂ ਵਾਲਾ ਰਾਹ ਅਪਣਾਉਣਾ ਹੈ। ਇਸ ਮੌਕੇ ਸ਼ਿਵਪ੍ਰੀਤ ਸਿੰਘ ਪਟਿਆਲਾ, ਭੀਮ ਸਿੰਘ ਸਮਾਣਾ, ਹਾਕਮ ਸਿੰਘ ਖਨੌੜਾ, ਪਰਮਜੀਤ ਪਟਿਆਲਾ, ਜਸਵਿੰਦਰ ਸਮਾਣਾ ਤੇ ਮੈਡਮ ਅਨੀਤਾ ਨੇ ਕਿਹਾ ਕਿ ਰਾਜਸਥਾਨ, ਛੱਤੀਸਗੜ੍ਹ ਤੇ ਝਾਰਖੰਡ ਸਰਕਾਰਾਂ ਨੇ ਆਪਣੇ ਮੁਲਾਜਮਾਂ ਦੀ ਅਜਿਹੀ ਟੀਸ ਨੂੰ ਮਹਿਸੂਸ ਕਰਦਿਆਂ, ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਹੈ। ਪਰ ਆਮ ਲੋਕਾਂ ਦੀ ਹੋਣ ਦੀ ਡੌਂਡੀ ਪਿੱਟਣ ਵਾਲੀ ‘ਆਪ’ ਸਰਕਾਰ ਅਜੇ ਦੋ ਟੁੱਕ ਟਵੀਟਾਂ ਤੱਕ ਹੀ ਅੱਪੜੀ ਹੈ। ਡਾ. ਬਲਜਿੰਦਰ ਸਿੰਘ ਟੌਹੜਾ, ਤਲਵਿੰਦਰ ਖਰੌੜ ਤੇ ਹਰਵਿੰਦਰ ਸੰਧੂ ਨੇ ਕਿਹਾ ਕਿ ਪੈਨਸ਼ਨ ਬਹਾਲੀ ਲਈ ਦਹਾਕੇ ਭਰ ਤੋਂ ਜਾਰੀ ਸੰਘਰਸ਼ ਦੀ ਅਣਦੇਖੀ ਤੌਹੀਨ ਦੇ ਤੁੱਲ ਹੈ। ਅੰਤ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾਈ ਆਗੂ ਪੁਸ਼ਪਿੰਦਰ ਹਰਪਾਲਪੁਰ ਤੇ ਕੰਵਲਨੈਨ ਨੇ ਕਿਹਾ ਕਿ ਜੇ ਰਾਜ ਸਰਰਕਾਰ ਅਜੇ ਵੀ ਸੰਜੀਦਾ ਨਾ ਹੋਈ, ਤਾਂ ਹਿਮਾਚਲ ਤੇ ਗੁਜਰਾਤ ਚੋਣਾਂ ਦੌਰਾਨ ਵਾਰੀ ਵਾਰੀ ਛੁੱਟੀਆਂ ਲੈ ਕੇ ਪੰਜਾਬ ਦੇ ਮੁਲ਼ਾਜਮ ਜਥਿਆਂ ਦੇ ਰੂਪ ’ਚ ਉਥੇ ਜਾ ਕੇ ਵੋਟਰਾਂ ਨੂੰ ਲਾਰੇਬਾਜ਼ ਹੋ ਨਿੱਬੜੀ ‘ਆਪ’ ਸਰਕਾਰ ਦੀ ਅਸਲੀਅਤ ਦੱਸਣਗੇ। ਇਸ ਮੌਕੇ ਜੁੱਗ ਪਰਗਟ ਸਿੰਘ, ਹਰਵਿੰਦਰ ਸੰਧੂ, ਗੁਰਵਿੰਦਰ ਰਾਮਪਾਲ, ਨਵਦੀਪ ਸ਼ਰਮਾ, ਮਨਿੰਦਰ ਸਿੰਘ, ਜਸਵਿੰਦਰ ਸ਼ਰਮਾ, ਜਗਤਾਰ ਸਮਾਣਾ ਆਦਿ ਨੇ ਸੰਬੋਧਨ ਕੀਤਾ।