ਸਰਬਜੀਤ ਸਿੰਘ ਭੰਗੂ
ਪਟਿਆਲਾ,7 ਸਤੰਬਰ (ਖੇਤਰੀ ਪ੍ਰਤੀਨਿਧ)
ਗੌਰਮਿੰਟ ਮੈਡੀਕਲ ਕਾਲਜ ਅਤੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਚੌਥਾ ਦਰਜਾ ਅਤੇ ਹੋਰਨਾਂ ਵਰਗਾਂ ਦੇ ਮੁਲਾਜ਼ਮਾਂ ਨੂੰ ਦੋ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਇਸ ਦੇ ਰੋਸ ਵਜੋਂ ਅੱਜ ਇਨ੍ਹਾਂ ਸੰਸਥਾਵਾਂ ਦੇ ਕੱਚੇ ਅਤੇ ਪੱਕੇ ਮੁਲਾਜ਼ਮਾਂ ਨੇ ਇਥੇ ਸੰਗਰੂਰ ਰੋਡ ’ਤੇ ਸਥਿਤ ਗੌਰਮਿੰਟ ਮੈਡੀਕਲ ਕਾਲਜ ਦਾ ਘਿਰਾਓ ਕੀਤਾ। ਇਸ ਦੌਰਾਨ ਉਨ੍ਹਾਂ ਕਈ ਘੰਟਿਆਂ ਤੱਕ ਮੁੱਖ ਗੇਟ ਬੰਦ ਕਰੀ ਰੱਖਿਆ ਅਤੇ ਅਧਿਕਾਰੀਆਂ ਤੱਕ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ।
ਇਸ ਮੌਕੇ ਸਵਰਨ ਸਿੰਘ ਬੰਗਾ ਤੇ ਰਾਮ ਕਿਸ਼ਨ ਸਮੇਤ ਕਈ ਹੋਰਨਾਂ ਨੇ ਸੰਬੋਧਨ ਕੀਤਾ। ਜਦਕਿ ਅਰੁਣ ਕੁਮਾਰ, ਬਾਲਕ ਰਾਮ, ਰਾਜਨ, ਰਾਜੇਸ਼ ਕੁਮਾਰ ਗੋਲੂ, ਸੰਦੀਪ ਕੌਰ, ਗੁਰਲਾਲ ਸਿੰਘ, ਕੁਲਵਿੰਦਰ ਸਿੰਘ, ਕਿਸ਼ੋਰ ਕੁਮਾਰ ਟੋਨੀ, ਪ੍ਰਦੀਪ ਕੁਮਾਰ ਆਦਿ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਮੁਲਾਜ਼ਮਾਂ ਦੀਆਂ ਹੋਰ ਮੰਗਾਂ ਦੀ ਪੂਰਤੀ ਕਰਨਾ ਤਾਂ ਦੂਰ ਦੀ ਗੱਲ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਵੀ ਮੁਹੱਈਆ ਨਹੀਂ ਕਰਵਾਈ ਜਾ ਰਹੀ। ਭਾਵੇਂ ਕਿ ਅਧਿਕਾਰੀਆਂ ਨੇ ਮੁਲਾਜ਼ਮਾਂ ਦਾ ਧਰਨਾ ਚੁਕਵਾਉਣ ਲਈ ਕਈ ਵਾਰ ਚਾਰਾਜੋਈ ਕੀਤੀ। ਪਰ ਅਖੀਰ ਜਦੋਂ ਮੁਲਾਜ਼ਮਾਂ ਨੇ ਕੌਮੀ ਮਾਰਗ ਜਾਮ ਕਰਨ ਦਾ ਐਲਾਨ ਕੀਤਾ, ਤਾਂ ਇੱਕ ਵਜੇ ਪ੍ਰਮੁੱਖ ਅਧਿਕਾਰੀ ਡਾਕਟਰ ਰਾਜਨ ਸਿੰਗਲਾ ਨੇ ਖੁਦ ਧਰਨੇ ’ਚ ਪੁੱਜ ਕੇ ਮੁਲਾਜ਼ਮਾਂ ਨੂੰ ਜਲਦੀ ਹੀ ਤਨਖਾਹਾਂ ਜਾਰੀ ਕਰਨ ਸਬੰਧੀ ਲਿਖਤੀ ਪੱਤਰ ਦਿੱਤਾ। ਚਾਰ ਘੰਟਿਆਂ ਮਗਰੋਂ ਧਰਨਾ ਚੁੱਕਿਆ ਗਿਆ।
ਡੱਬੀ—ਹੜਤਾਲ਼ ਜਾਰੀ
ਇਸੇ ਦੌਰਾਨ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਰਾਜਿੰਦਰਾ ਹਸਪਤਾਲ, ਟੀਬੀ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਵੱਖ ਵੱਖ ਵਰਗਾਂ ਦੇ 4 ਸੌ ਤੋਂ ਵੀ ਵੱਧ ਮੁਲਜ਼ਮਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਸ਼ੁਰੂ ਕੀਤੀ ਗਈ ਹੜਤਾਲ ਅੱਜ ਵੀ ਜਾਰੀ ਰਹੀ।