ਸੁਭਾਸ਼ ਚੰਦਰ
ਸਮਾਣਾ, 11 ਅਗਸਤ
ਸਮਾਣਾ ਖੇਤਰ ਵਿੱਚ ਅੱਜ ਐੱਸਪੀ (ਹੈੱਡਕੁਆਰਟਰ) ਪਟਿਆਲਾ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਸਬ ਡਿਵੀਜ਼ਨ ਸਮਾਣਾ ਦੇ ਪਿੰਡ ਮੁਰਾਦਪੁਰਾ ਵਿੱਚ ਪਾਤੜਾਂ, ਸਮਾਣਾ, ਘੱਗਾ ਤੇ ਪਟਿਆਲਾ ਪੁਲੀਸ ਦੇ ਸੈਂਕੜੇ ਮੁਲਾਜ਼ਮਾਂ ਵੱਲੋਂ ਸਾਂਝੇ ਤੌਰ ’ਤੇ ਛਾਪਾ ਮਾਰਿਆ ਗਿਆ। ਇਸ ਦੌਰਾਨ ਸ਼ੱਕੀ ਵਿਅਕਤੀਆਂ ਨੂੰ ਪਹਿਲਾਂ ਤੋਂ ਹੀ ਛਾਪੇ ਦਾ ਪਤਾ ਲੱਗਣ ਕਰ ਕੇ ਉਹ ਇੱਧਰ-ਉੱਧਰ ਹੋ ਗਏ ਅਤੇ ਪੁਲੀਸ ਨੂੰ ਪਿੰਡ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਤਸਕਰਾਂ ਦੇ ਮਕਾਨਾਂ ਨੂੰ ਤਾਲੇ ਲੱਗੇ ਮਿਲੇ ਜਿਸ ਕਾਰਨ ਪੁਲੀਸ ਫੋਰਸ ਨੂੰ ਮਾਯੂਸ ਹੋ ਕੇ ਖਾਲੀ ਹੱਥ ਵਾਪਸ ਮੁੜਨਾ ਪਿਆ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਐੱਸਪੀ (ਹੈੱਡਕੁਆਰਟਰ) ਰਾਕੇਸ਼ ਕੁਮਾਰ ਨੇ ਦੱਸਿਆ ਕਿ ਨਸ਼ਾ ਤਸਕਰਾਂ ਖ਼ਿਲਾਫ਼ ਛਾਪੇ ਜਾਰੀ ਰਹਿਣਗੇ। ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਡੀਐੱਸਪੀ ਸਮਾਣਾ ਸੌਰਭ ਜਿੰਦਲ, ਡੀਐੱਸਪੀ ਪਾਤੜਾਂ ਗੁਰਦੀਪ ਸਿੰਘ, ਰਾਜੇਸ਼ ਛਿੱਬੜ ਤੇ ਦਲਜੀਤ ਸਿੰਘ ਵਿਰਕ ਤੋਂ ਇਲਾਵਾ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਹੀ ਪਿੰਡ ਮੁਰਾਦਪੁਰਾ ਤੋਂ ਐੱਸਟੀਐੱਫ ਦੀ ਟੀਮ ਨੇ ਇਕ ਔਰਤ ਨੂੰ ਸੌ ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਸੀ।