ਗੁਰਨਾਮ ਸਿੰਘ ਚੌਹਾਨ
ਪਾਤੜਾਂ, 19 ਜੁਲਾਈ
ਹਲਕਾ ਸ਼ੁਤਰਾਣਾ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਨਿਰਮਾਣ ਅਧੀਨ ਜੰਮੂ ਕੱਟੜਾ ਐਕਸਪ੍ਰੈਸਵੇਅ ਦੇ ਹੇਠੋਂ ਪਾਣੀ ਦੀ ਨਿਕਾਸੀ ਦੇ ਪੂਰੇ ਪ੍ਰਬੰਧ ਨਾ ਕੀਤੇ ਜਾਣ ਕਾਰਨ ਇਹ ਵਰਦਾਨ ਦੀ ਥਾਂ ਆਫ਼ਤ ਸਾਬਤ ਹੋਇਆ ਹੈ। ਹਾਈਵੇਅ ਵਿੱਚ ਰਸੌਲੀ ਸੜਕ ਦੇ ਨੇੜੇ ਵੱਡਾ ਪਾੜਾ ਨਾ ਪੈਂਦਾ ਤਾਂ ਦਰਜਨਾਂ ਪਿੰਡਾਂ ਵਿੱਚ ਵੱਡਾ ਜਾਨੀ ਮਾਲੀ ਨੁਕਸਾਨ ਹੋਣਾ ਸੀ।
ਸਰਪੰਚ ਚਿਮਨ ਲਾਲ ਰਸੌਲੀ, ਬਲਬੀਰ ਸਿੰਘ ਢਿੱਲੋਂ, ਸਾਬਕਾ ਸਰਪੰਚ ਸਤਨਾਮ ਸਿੰਘ, ਹਰਪਾਲ ਸਿੰਘ ਵੜੈਚ, ਨੰਬਰਦਾਰ ਸੁਖਦੇਵ ਸਿੰਘ ਨੇ ਕਿਹਾ ਹੈ ਕਿ ਰਸੋਲੀ ਰੋਡ ’ਤੇ ਰਣਜੀਤ ਸਿੰਘ ਦੇ ਡੇਰੇ ਤੋਂ ਇਲਾਵਾ ਹੋਰ ਕਈ ਡੇਰਿਆਂ ਦੇ ਕੋਲੋਂ ਲੰਘਦੇ 10 ਤੋਂ 12 ਉੱਚੇ ਐਕਸਪ੍ਰੈਸਵੇਅ ਹੇਠਾਂ ਅਣ ਮਾਪੇ ਪਾਣੀ ਦੀ ਨਿਕਾਸੀ ਲਈ ਪੁਲੀਆਂ ਤੇ ਸਾਈਫਨ ਨਾ ਬਣਾਏ ਹੋਣ ਕਰਕੇ ਘੱਗਰ ਦਰਿਆ ਵਿੱਚੋ ਆਏ ਪਾਣੀ ਦੀ ਡਾਫ ਕਰਕੇ ਜਦੋਂ ਡੇਰੇ ਡੁੱਬਣ ਲੱਗੇ ਤਾਂ ਲੋਕਾਂ ਨੂੰ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਪਿਆ ਸੀ। ਉਨ੍ਹਾਂ ਕਿਹਾ ਹੈ ਕਿ ਕੁਝ ਮਹੀਨੇ ਪਹਿਲਾਂ ਐਕਸਪ੍ਰੈੱਸਵੇਅ ਨੂੰ ਪਿਲਰਾਂ ’ਤੇ ਬਣਾਏ ਜਾਣ ਦੀ ਮੰਗ ਕਰਦਿਆਂ ਵਿਧਾਇਕ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਦੇ ਨਾਂ ਮੰਗ ਪੱਤਰ ਦਿੱਤਾ ਸੀ। ਇਸ ਉਪਰੰਤ ਐਸਡੀਐਮ ਪਾਤੜਾਂ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸ਼ੁਤਰਾਣਾ ਨੇੜੇ ਦੋ ਕਿਲੋਮੀਟਰ ਤੋਂ ਵੱਧ ਐਕਸਪ੍ਰੈਸਵੇਅ ਦਾ ਨਿਰਮਾਣ ਪੁਲੀਆਂ ਦੀ ਥਾਂ ਪਿੱਲਰਾਂ ’ਤੇ ਕੀਤੇ ਜਾਣ ਦਾ ਮੁੱਦਾ ਉੱਠਿਆ ਸੀ। ਕਾਸ਼ ਅਥਾਰਟੀ ਤੇ ਪ੍ਰਸ਼ਾਸਨ ਨੇ ਉਨ੍ਹਾਂ ਦੇ ਸੁਝਾਅ ਨੂੰ ਮੰਨਿਆ ਹੁੰਦਾ ਤਾਂ ਅੱਜ ਇੰਨੀ ਬਰਬਾਦੀ ਨਾ ਹੁੰਦੀ।
ਅਥਾਰਟੀ ਨੂੰ ਭੇਜੀ ਰਿਪੋਰਟ: ਇੰਜਨੀਅਰ
ਸੀਡੀਐੱਸ ਕੰਪਨੀ ਦੇ ਇੰਜਨੀਅਰ ਨਿਤੇਸ਼ ਕੁਮਾਰ ਨੇ ਕਿਹਾ ਹੈ ਕਿ ਘੱਗਰ ਦੇ ਦੋਵੇਂ ਪਾਸੇ ਡੇਢ ਕਿਲੋਮੀਟਰ ਤੱਕ ਛੋਟੇ ਵੱਡੇ ਕੁਲ ਤੇਰਾਂ ਸਟਰੱਕਚਰ ਤਿਆਰ ਕੀਤੇ ਜਾਣ ਦੇ ਬਾਵਜੂਦ ਹਾਈਵੇਅ ਵਿਚ ਸੈਂਕੜੇ ਫੁੱਟ ਦਾ ਪਾੜ ਪੈਣਾ ਹੈਰਾਨੀ ਦੀ ਗੱਲ ਹੈ। ਮੌਜੂਦਾ ਹਲਾਤ ਦੀ ਰਿਪੋਰਟ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਭੇਜੀ ਹੈ। ਹੁਣ ਜੋ ਸਟਰੱਕਚਰ ਬਣ ਕੇ ਆਵੇਗਾ, ਉਸ ਤਹਿਤ ਨਿਰਮਾਣ ਹੋਵੇਗਾ। ਐੱਸਡੀਐੱਮ ਨਵਦੀਪ ਕੁਮਾਰ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਪੱਤਰ ਲਿਖਿਆ ਸੀ ਹੁਣ ਹੋਰ ਸਟਰੱਕਚਰ ਤਿਆਰ ਕਰਨ ਦੀ ਚਿੱਠੀ ਲਿਖੀ ਜਾ ਰਹੀ ਹੈ।