ਪੱਤਰ ਪ੍ਰੇਰਕ
ਸਮਾਣਾ, 23 ਜੂਨ
ਪਿੰਡ ਮੱਲੋ ਮਾਜਰਾ ਵਿੱਚ ਇੱਕ ਕਿਸਾਨ ਦਾ ਮਕਾਨ ਜੇਸੀਬੀ ਨਾਲ ਢਾਹੁਣ ਅਤੇ ਉਸ ਦਾ ਸਮਝੌਤਾ ਕਰਾਉਣ ਆਏ ਕਿਸਾਨ ਆਗੂ ’ਤੇ ਹਮਲਾ ਕਰਨ ਦੇ ਰੋਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਐਤਵਾਰ ਨੂੰ ਡੀਐੱਸਪੀ ਸਮਾਣਾ ਦੇ ਦਫਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਕੀਤੀ।
ਕਿਸਾਨ ਆਗੂਆਂ ਅਮਰੀਕ ਸਿੰਘ ਘੱਗਾ ਤੇ ਜਸਵਿੰਦਰ ਸਿੰਘ ਬਰਾਸ ਆਦਿ ਨੇ ਦੱਸਿਆ ਕਿ ਕਰੀਬ ਚਾਰ ਮਹੀਨੇ ਪਹਿਲਾਂ ਮੱਲੋ ਮਾਜਰਾ ਵਿੱਚ ਇੱਕ ਕਿਸਾਨ ਦਾ ਘਰ ਜੇਸੀਬੀ ਮਸ਼ੀਨ ਨਾਲ ਉਸ ਦੇ ਗੁਆਂਢੀ ਗਗਨ ਨੇ ਢਾਹ ਦਿੱਤਾ ਸੀ ਜਿਸ ਸਬੰਧੀ ਪੁਲੀਸ ਵੱਲੋਂ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਕਿਸਾਨ ਯੂਨੀਅਨ ਨੇ ਥਾਣਾ ਪਸਿਆਣਾ ਅੱਗੇ ਧਰਨਾ ਲਗਾ ਕੇ ਮੁਲਜ਼ਮਾਂ ਖਿਲਾਫ 452 ਤੇ ਧਾਰਾ 307 ਤਹਿਤ ਮਾਮਲਾ ਦਰਜ ਕਰਵਾਇਆ ਸੀ। ਡੀਐੱਸਪੀ ਨੇ ਮੁਲਜ਼ਮਾਂ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਫੜਨ ਦਾ ਭਰੋਸਾ ਦਿੱਤਾ ਸੀ। ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਮੁਲਜ਼ਮ ਸਰੇਆਮ ਘੁੰਮ ਰਹੇ ਹਨ, ਅਤੇ ਆਪਣੀਆਂ ਜ਼ਮਾਨਤਾਂ ਕਰਾਉਣ ਲਈ ਵਕੀਲਾਂ ਦੇ ਚੱਕਰ ਕੱਟ ਰਹੇ ਹਨ ਜਿਸ ਦਾ ਕਿਸਾਨ ਆਗੂਆਂ ਨੇ ਨੋਟਿਸ ਲੈਂਦਿਆਂ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਕਿਸੇ ਰਾਜਨੀਤਿਕ ਦਬਾਅ ਤਹਿਤ ਇਹ ਕਾਰਵਾਈ ਕਰਨ ਵਿੱਚ ਅਸਮਰਥ ਜਾਪ ਰਹੀ ਹੈ। ਉਨ੍ਹਾਂ ਪੁਲੀਸ ਨੂੰ ਚਿਤਾਵਨੀ ਦਿੱਤੀ ਕਿ ਜੇ ਕਰ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਾਂ ਉਹ ਆਪਣਾ ਧਰਨਾ ਜਾਰੀ ਰੱਖਣਗੇ। ਇਸ ਸਬੰਧੀ ਜਦੋਂ ਡੀ.ਐਸ.ਪੀ. ਨੇਹਾ ਅਗਰਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਟੀਮਾਂ ਵੱਲੋਂ ਛਾਪੇਮਾਰੀ ਥਾਂ-ਥਾਂ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।