ਗੁਰਨਾਮ ਸਿੰਘ ਅਕੀਦਾ
ਪਟਿਆਲਾ, 5 ਅਕਤੂਬਰ
ਸ਼ਾਹੀ ਸ਼ਹਿਰ ਵਿਖੇ ਵੱਖ-ਵੱਖ ਥਾਈਂ ਦਸਹਿਰੇ ਦਾ ਪਵਿੱਤਰ ਤਿਉਹਾਰ ਬਦੀ ’ਤੇ ਨੇਕੀ ਦੀ ਜਿੱਤ ਦਾ ਸੁਨੇਹਾ ਦਿੰਦੇ ਹੋਏ ਉਦੋਂ ਸੰਪੰਨ ਹੋ ਗਿਆ, ਜਦੋਂ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਦਿਖਾਈ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਨੇ ਆਪਣੇ ਪਰਿਵਾਰਾਂ ਸਮੇਤ ਇਨ੍ਹਾਂ ਸਮਾਗਮਾਂ ’ਚ ਸ਼ਮੂਲੀਅਤ ਕੀਤੀ।
ਵੀਰ ਹਕੀਕਤ ਰਾਏ ਗਰਾਊਂਡ ਵਿੱਚ ਸ੍ਰੀ ਰਾਮ ਸੇਵਾ ਸਮਿਤੀ ਵੱਲੋਂ ਜਿੱਥੇ ਸ਼ਹਿਰ ਦਾ ਸਭ ਤੋਂ ਵੱਡਾ 50 ਫੁੱਟ ਦਾ ਰਾਵਣ ਦਾ ਪੁਤਲਾ ਸਾੜਿਆ ਗਿਆ, ਉੱਥੇ ਹੀ ਕੁੰਭਕਰਨ, ਮੇਘਨਾਦ ਦੇ 45-45 ਫ਼ੁੱਟ ਦੇ ਪੁਤਲੇ ਸਾੜੇ ਗਏ। ਵੀਰ ਹਕੀਕਤ ਰਾਏ ਪਾਰਕ ਵਿਚ ਹਮੇਸ਼ਾ ਸ਼ਿਵ ਸੈਨਾ ਦੇ ਪ੍ਰਧਾਨ ਹਰੀਸ਼ ਸਿੰਗਲਾ ਦੀ ਅਗਵਾਈ ’ਚ ਇਹ ਤਿਉਹਾਰ ਮਨਾਇਆ ਜਾਂਦਾ ਸੀ ਪਰ ਇਸ ਵਾਰ ਇਹ ਸਮਾਗਮ ਆਮ ਆਦਮੀ ਪਾਰਟੀ ਨੇ ਸ਼ਿਵ ਸੈਨਾ ਨੇ ਖੋਹ ਕੇ ਆਪਣੇ ਕਬਜ਼ੇ ਵਿਚ ਲੈ ਲਿਆ। ਇੱਥੇ ਰਾਵਣ, ਕੁੰਭਕਰਨ ਤੇ ਮੇਘਨਾਦ ਦਾ ਪੁਤਲਾ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਵਿਚ ਸਾੜਿਆ ਗਿਆ। ਸਮਿਤੀ ਦੇ ਪ੍ਰਧਾਨ ਗੌਤਮ ਲਾਲ ਨੇ ਦੱਸਿਆ ਕਿ ਇਸ ਵਾਰ ਸਮਾਗਮ ਦੇ ਦੌਰਾਨ ਆਤਿਸ਼ਬਾਜ਼ੀ ਤੇ ਲਾਈਟਿੰਗ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸਮਾਗਮ ਮੌਕੇ ਹਲਕਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਕੋਹਲੀ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਪਟਿਆਲਾ ਵਿੱਚ ਅੱਠ ਵੱਖ-ਵੱਖ ਥਾਵਾਂ ’ਤੇ ਰਾਵਣ ਦੇ ਪੁਤਲੇ ਫੂਕੇ ਗਏ। ਜਿਵੇਂ ਕਿ ਰਾਸ਼ਟਰੀ ਜਯੋਤੀ ਕਲਾ ਮੰਚ ਦਸਹਿਰਾ ਕਮੇਟੀ ਵੱਲੋਂ ਐੱਸ.ਐੱਸ.ਟੀ.ਨਗਰ ਵਿਖੇ ਰਾਵਣ ਦਾ ਸਭ ਤੋਂ ਉੱਚਾ ਪੁਤਲਾ ਫੂਕਿਆ ਗਿਆ। ਦੂਜੇ ਪਾਸੇ ਰਾਸ਼ਟਰੀ ਜਯੋਤੀ ਕਲਾ ਮੰਚ ਦੇ ਮੁਖੀ ਤ੍ਰਿਭਵਨ ਗੁਪਤਾ ਤੇ ਰਕੇਸ਼ ਠਾਕੁਰ ਦੀ ਅਗਵਾਈ ਹੇਠ ਐਸਐਸਟੀ ਨਗਰ ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ 50 ਫੁੱਟ ਪੁਤਲੇ ਫੂਕੇ ਗਏ। ਇਸ ਤੋਂ ਇਲਾਵਾ ਅਰਬਨ ਅਸਟੇਟ ਫ਼ੇਜ਼-1 ਵਿੱਚ ਸ੍ਰੀ ਮਹਾਵੀਰ ਰਾਮ-ਲੀਲ੍ਹਾ ਕਲੱਬ ਵੱਲੋਂ 32 ਫੁੱਟ, ਜੌੜੀਆਂ ਭੱਠੀਆਂ ਯੂਥ ਕਲੱਬ ਵੱਲੋਂ 50 ਫ਼ੁੱਟ ਲੰਬਾ ਰਾਵਣ, ਰਾਘੋਮਾਜਰਾ ਵਿੱਚ ਨਿਊ ਮਹਾਂਵੀਰ ਸੇਵਾ ਦਲ ਵੱਲੋਂ 45 ਫੁੱਟ, ਮੋਦੀ ਮੰਦਰ, ਡੀ.ਐਮ.ਡਬਲਿਊ, ਭਗਵਾਨ ਪਰਸ਼ੂਰਾਮ ਚੌਕ ਆਦਿ ਥਾਵਾਂ ‘ਤੇ ਵੀ ਪੁਤਲੇ ਫੂਕੇ ਗਏ।