ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਅਗਸਤ
ਇਥੇ ਅਰਬਨ ਅਸਟੇਟ ਸਥਿਤ ਨਾਨਕ ਦੀ ਹੱਟੀ ਦੇ ਨਾਮ ਨਾਲ਼ ਮਸ਼ਹੂਰ ਖਾਣ ਪੀਣ ਦੀਆਂ ਵਸਤਾਂ ਵਾਲ਼ੀ ਇੱਕ ਦੁਕਾਨ ’ਚ ਅੱਗ ਲੱਗ ਗਈ। ਅੱਗ ਲੱਗਣ ਦੀ ਇਹ ਘਟਨਾ ਲੰਘੀ ਅੱਧੀ ਰਾਤ ਵਾਪਰੀ ਜਿਸ ਮਗਰੋਂ ਪੁੱਜੇ ਫਾਇਰ ਬ੍ਰਿਗੇਡ ਸਟਾਫ਼ ਨੇ ਇਸ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵਾਲ਼ੀਆਂ ਪੰਜਾਹ ਗੱਡੀਆਂ ਪਾਣੀ ਦੀਆਂ ਭਰਕੇ ਲਿਆਂਦੀਆਂ। ਇਸ ਤਰ੍ਹਾਂ ਕਈ ਘੰਟਿਆਂ ਦੀ ਜੱਦੋ ਜਹਿਦ ਮਗਰੋਂ ਭਾਵੇਂ ਅੱਗ ’ਤੇ ਕਾਬੂ ਪਾ ਲਿਆ ਗਿਆ। ਬਾਵਜੂਦ ਇਸ ਦੇ ਇਸ ਦੁਕਾਨ ਵਿਚੋਂ ਅੱਜ ਦਿਨ ਵੇਲ਼ੇ ਵੀ ਧੂੰਆਂ ਧੁਖਦਾ ਰਿਹਾ। ਸੰਪਰਕ ਕਰਨ ’ਤੇ ਫਾਇਰ ਬ੍ਰਿਗੇਡ ਸਟਾਫ਼ ਦਾ ਕਹਿਣਾ ਸੀ ਕਿ ਇਸ ਦੁਕਾਨ ਵਿਚ ਘਿਓ ਅਤੇ ਤੇਲ ਵੀ ਸੀ ਜਿਸ ਕਾਰਨ ਹੀ ਅੱਗ ’ਤੇ ਕਾਬੂ ਪਾਉਣ ’ਚ ਵਧੇਰੇ ਸਮਾਂ ਲੱਗਿਆ। ਦੁਕਾਨ ਦੇ ਮਾਲਕਾਂ ਵੱਲੋਂ ਇਸ ਦੌਰਾਨ ਵਧੇਰੇ ਵਿੱਤੀ ਨੁਕਸਾਨ ਹੋਣ ਦੀ ਗੱਲ ਆਖੀ ਜਾ ਰਹੀ ਹੈ। ਪਰ ਨਾਲ਼ ਹੀ ਇਹ ਵੀ ਕਹਿਣਾ ਸੀ ਕਿ ਨੁਕਸਾਨ ਸਬੰਧੀ ਮੁਕੰਮਲ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ। ਉਧਰ ਫਾਇਰ ਬ੍ਰਿਗੇਡ ਦੇ ਸਟਾਫ਼ ਤੋਂ ਹੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਵਿਖੇ ਵੀ ਅਮਲਾ ਸ਼ਾਖਾ ’ਚ ਅੱਗ ਲੱਗਣ ਦੀ ਘਟਨਾ ਵਾਪਰੀ ਜਿਸ ’ਕੇ ਵੀ ਫਾਇਰ ਬ੍ਰਿਗੇਡ ਦੇ ਸਟਾਫ਼ ਨੇ ਵਧੇਰੇ ਜੱਦੋ ਜਹਿਦ ਕਰਦਿਆਂ ਕਾਬੂ ਪਾਇਆ। ਭਾਵੇਂ ਕਿ ਇਸ ਦੌਰਾਨ ਕਈ ਤਰਾਂ ਦੇ ਦਸਤਾਵੇਜ਼ ਅੱਗ ਦੀ ਭੇਟ ਚੜ੍ਹ ਜਾਣ ਦੀ ਚਰਚਾ ਹੈ।