ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 4 ਜਨਵਰੀ
ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਅੱਜ ਦੇਰ ਸ਼ਾਮ ਇਥੇ ਹੈਰੀਟੇਜ ਸਟਰੀਟ ਦੇ ਚੱਲ ਰਹੇ ਪਹਿਲੇ ਪੜਾਅ ਦੇ ਕੰਮ ਦਾ ਜਾਇਜ਼ਾ ਲਿਆ, ਉਨਾਂ ਦੱਸਿਆ ਕਿ ਪਹਿਲੇ ਪੜਾਅ ਦਾ ਕੰਮ ਜਨਵਰੀ ਦੇ ਅਖੀਰ ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਨਿਗਮ ਕਮਿਸ਼ਨਰ ਪੂਨਮਦੀਪ ਕੌਰ ਅਤੇ ਪਟਿਆਲਾ ਵਿਕਾਸ ਅਥਾਰਟੀ ਦੀ ਮੁੱਖ ਪ੍ਰਸ਼ਾਸਕ ਸੁਰਭੀ ਮਲਿਕ ਨਾਲ ਮੌਕੇ ’ਤੇ ਪੁੱਜੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਦੀਆਂ ਮੁਸ਼ਕਲਾਂ ਜਿਸ ਤਰ੍ਹਾਂ ਕਿ ਪੁਰਾਣੇ ਕੁਨੈਕਸ਼ਨ ਆਦਿ ਨੂੰ ਮੁੱਖ ਰੱਖਦੇ ਹੋਏ ਪੁਟਾਈ ਦੇ ਕੰਮਾਂ ਨੂੰ ਮਸ਼ੀਨਾਂ ਦੀ ਬਜਾਏ ਮੈਨੂਅਲੀ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਕੰਮ ਨੂੰ ਜਲਦੀ ਨਿਪਟਾਉਣ ਲਈ ਦਿਨ ਅਤੇ ਰਾਤ ਕੰਮ ਚਲਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ’ਚ ਰੱਖਦੇ ਹੋਏ ਹੈਰੀਟੇਜ ਸਟਰੀਟ ਦੇ ਕੰਮ ਨੂੰ ਪੜਾਅਵਾਰ ਕਰਨ ਦਾ ਐਲਾਨ ਕੀਤਾ ਹੋਇਆ ਹੈ ਜਿਸ ਤਹਿਤ ਸਭ ਤੋਂ ਪਹਿਲਾਂ ਸਮਾਨੀਆਂ ਗੇਟ ਤੋਂ ਸ਼ੁਰੂ ਕੀਤੇ ਗਏ ਪਹਿਲੇ ਹਿੱਸੇ ਦੇ ਕੰਮ ਨੂੰ ਮੁਕੰਮਲ ਕਰਨ ’ਤੇ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਅਤੇ ਪੀ.ਡੀ.ਏ. ਦੇ ਮੁੱਖ ਪ੍ਰਸ਼ਾਸਕ ਸੁਰਭੀ ਮਲਿਕ ਰੋਜ਼ਾਨਾ ਆਪਸੀ ਤਾਲਮੇਲ ਰਾਹੀਂ ਕੰਮ ਦੀ ਪ੍ਰਗਤੀ ਦੀ ਨਿਗਰਾਨੀ ਕਰਨਗੇ। ਉਨ੍ਹਾਂ ਦੱਸਿਆ ਕਿ ਕੌਮਾਂਤਰੀ ਪੱਧਰ ਦੇ ਇਸ ਪ੍ਰਾਜੈਕਟ ਨਾਲ ਜਿਥੇ ਪਟਿਆਲਾ ਦੀ ਰਿਆਸਤੀ ਦਿੱਖ ਨੂੰ ਸੰਭਾਲਣ ਦਾ ਉਪਰਾਲਾ ਕੀਤਾ ਗਿਆ ਹੈ ਉਥੇ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਬਾਅਦ ਵਿਰਾਸਤੀ ਮਾਰਗ ’ਤੇ ਸਥਿਤ ਦੁਕਾਨਦਾਰਾਂ ਨੂੰ ਵੀ ਵਪਾਰਕ ਤੌਰ ’ਤੇ ਵੱਡਾ ਲਾਭ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਪੁਟਾਈ ਦਾ ਇਹ ਕੰਮ ਸੀਵਰੇਜ ਪਾਈਪਾਂ, ਪੀਣ ਵਾਲੇ ਪਾਣੀ ਦੀਆਂ ਪਾਈਪਾਂ, ਬਰਸਾਤੀ ਪਾਣੀ ਅਤੇ ਬਿਜਲੀ ਦੀ ਕੇਬਲਾਂ ਨੂੰ ਸ਼ੁਰੂਆਤੀ ਤੌਰ ’ਤੇ ਹੀ ਮੁਕੰਮਲ ਕਰਨ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਬਾਅਦ ਵਿੱਚ ਰਿਆਸਤੀ ਮਾਰਗ ’ਤੇ ਕਿਸੇ ਵੀ ਤਰ੍ਹਾਂ ਦੀ ਭੰਨ ਤੋੜ ਨਾ ਕਰਨੀ ਪਵੇ। ਉਨਾਂ ਦੱਸਿਆ ਕਿ ਇਹ ਕੰਮ ਸੱਤ ਪੜਾਵਾਂ ’ਚ ਨੇਪਰੇ ਚੜ੍ਹਾਇਆ ਜਾਵੇਗਾ ਜਿਸ ਦਾ ਪਹਿਲਾ ਪੜਾਅ ਸਮਾਨੀਆਂ ਗੇਟ ਤੋਂ ਸ੍ਰੀ ਹਨੂਮਾਨ ਮੰਦਰ ਤੱਕ ਪ੍ਰਗਤੀ ਅਧੀਨ ਹੈ।