ਪੱਤਰ ਪ੍ਰੇਰਕ
ਘਨੌਰ, 11 ਅਕਤੂਬਰ
ਇਥੋਂ ਨੇੜਲੇ ਪਿੰਡ ਹਰੀਗੜ੍ਹ ਦੀ ਪੰਚਾਇਤ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਰਪੰਚ ਬਲਵੀਰ ਸਿੰਘ ਦੀ ਅਗਵਾਈ ਵਿੱਚ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਵਿੱਚ ਕਰੀਬ 106 ਪਹਿਲਵਾਨਾਂ ਨੇ ਭਾਗ ਲਿਆ। ਕਰੀਬ ਚਾਰ ਦਰਜਨ ਕੁਸ਼ਤੀਆਂ ਛੋਟੀ ਉਮਰ ਦੇ ਪਹਿਲਵਾਨਾਂ ਦੀਆਂ ਕਰਵਾਈਆ ਗਈਆ। ਜਿਸ ਦਾ ਉਦਘਾਟਨ ਕੁਲਦੀਪ ਸਿੰਘ ਮਾੜੀਆਂ ਨੇ ਕੀਤਾ। ਵੱਡੀ ਝੰਡੀ ਦੀ ਕੁਸ਼ਤੀ ਦਾ ਮੁਕਾਬਲਾ ਭਿੰਡਰ ਸਮਾਣਾ ਅਤੇ ਬਲਵਿੰਦਰ ਕੈਥਲ ਵਿਚਕਾਰ ਬਰਾਬਰ ਰਿਹਾ।ਦੂਜੇ ਨੰਬਰ ਦੀ ਝੰਡੀ ਵਾਲੀ ਕੁਸ਼ਤੀ ਵਿੱਚ ਮਾਨਾ ਡੂਮਛੇੜੀ ਨੇ ਕਰਮਾ ਪਟਿਆਲਾ ਨੂੰ ਚਿੱਤ ਕੀਤਾ ਅਤੇ ਤੀਜੀ ਕੁਸ਼ਤੀ ਅਸ਼ੀਸ਼ ਚੰਡੀਗੜ੍ਹ ਅਤੇ ਜੈਦੀਪ ਡੂਮਛੇੜੀ ਵਿਚਕਾਰ ਬਰਾਬਰ ਰਹੀ।ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜ ਕੇ ਕੁਸ਼ਤੀ ਦੰਗਲ ਦੇ ਪਹਿਲਵਾਨਾਂ ਨੂੰ ਹੱਲਾਸ਼ੇਰੀ ਦਿੱਤੀ। ਇਨਾਮ ਵੰਡ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ ਅਕਾਲੀ ਦਲ ਦੀ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਨੇ ਪ੍ਰਬੰਧਕਾਂ ਵੱਲੋਂ ਵੱਡੀ ਝੰਡੀ ਕੁਸ਼ਤੀ ਦੇ ਪਹਿਲਵਾਨਾਂ ਨੂੰ 31-31 ਅਤੇ ਦੂਜੀ ਕੁਸ਼ਤੀ ਦੇ ਪਹਿਲਵਾਨਾਂ ਨੂੰ 21-21 ਹਜਾਰ ਅਤੇ ਤੀਜੀ ਕੁਸ਼ਤੀ ਦੇ ਪਹਿਲਵਾਨਾਂ ਨੂੰ 11 ਹਜ਼ਾਰ ਰੁਪਏ ਦੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ।