ਪੱਤਰ ਪ੍ਰੇਰਕ
ਪਟਿਆਲਾ, 22 ਜੁਲਾਈ
ਵਾਤਾਵਰਣ ਸੇਵੀ ਸੰਸਥਾ ਪੰਜਾਬ ਈਕੋ ਫਰੈਂਡਲੀ ਐਸੋਸੀਏਸ਼ਨ (ਪੇਫਾ) ਵੱਲੋਂ ਨਿੱਜੀ ਮੈਰਿਜ ਪੈਲੇਸਾਂ ਵਿੱਚ ਪੌਦਾ ਰੋਪਣ ਦੀ ਚਲਾਈ ਗਈ ਮੁਹਿੰਮ ਦਾ ਆਗਾਜ਼ ਜੰਗਲਾਤ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕੀਤਾ। ਪਟਿਆਲਾ ਮੈਰਿਜ ਪੈਲੇਸ ਆਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਲਵਿੰਦਰ ਸਿੰਘ ਗੋਲਡੀ ਨੇ ਮੁਹਿੰਮ ਦਾ ਸਮਰਥਨ ਕੀਤਾ।
ਪੇਫਾ ਦੇ ਰਾਜ ਪ੍ਰਧਾਨ ਵਰਿੰਦਰ ਜੱਗਾ ਅਤੇ ਵਿੱਤ ਸਕੱਤਰ ਅਸ਼ਵਨੀ ਗਰਗ ਰੌਬਿਨ ਨੇ ਦੱਸਿਆ ਕਿ ਪੰਜਾਬ ਵਿੱਚ ਛੇ ਹਜ਼ਾਰ ਦੇ ਕਰੀਬ ਮੈਰਿਜ ਪੈਲੇਸ ਹਨ। ਪੇਫਾ ਵੱਲੋਂ ਵੱਧ ਤੋਂ ਵੱਧ ਮੈਰਿਜ ਪੈਲੇਸ ਮਾਲਕਾਂ ਨੂੰ ਪ੍ਰੇਰਿਤ ਕਰਕੇ ਪੰਜ ਤੋਂ ਦਸ ਪੌਦੇ ਲਗਵਾਏ ਜਾਣਗੇ।
ਮੈਰਿਜ ਪੈਲੇਸ ਮਾਲਕਾਂ ਨੂੰ ਪ੍ਰੇਰਿਤ ਕਰਨ ਲਈ ਵੀ ਟੀਮ ਗਠਿਤ ਕੀਤੀ ਗਈ ਹੈ, ਜਿਸ ਵਿੱਚ ਵਣ ਵਿਸਥਾਰ ਮੰਡਲ ਪਟਿਆਲਾ ਦੇ ਰੇਂਜ ਅਫ਼ਸਰ ਸੁਰਿੰਦਰ ਸ਼ਰਮਾ, ਬੀਟ ਅਫ਼ਸਰ ਅਮਨ ਅਰੋੜਾ, ਹਰਦੀਪ ਸ਼ਰਮਾ, ਮਨਵੀਨ ਕੌਰ, ਫੁੱਟਬਾਲ ਕੋਚ ਇੰਦਰਜੀਤ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਗੁਰਨਾਮ ਵਿਰਕ, ਖ਼ਾਲਸਾ ਕਾਲਜ ਪਟਿਆਲਾ ਦੇ ਪ੍ਰੋਫੈਸਰ ਰਾਜਦੀਪ ਧਾਲੀਵਾਲ, ਮੋਦੀ ਕਾਲਜ ਦੇ ਪ੍ਰੋਫੈਸਰ ਡਾ. ਅਕਿਸ਼ਤਾ ਸ਼ਾਮਲ ਕੀਤੇ ਗਏ ਹਨ।