ਪੱਤਰ ਪ੍ਰੇਰਕ
ਪਟਿਆਲਾ, 14 ਸਤੰਬਰ
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ, ਇਕਾਈ ਮੰਡਲ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਵੀਰਪਾਲ ਸਿੰਘ ਲੂੰਬਾ ਤੇ ਸੂਬਾ ਚੇਅਰਮੈਨ ਬਲਵੀਰ ਸਿੰਘ ਮੰਡੌਲੀ ਦੀ ਅਗਵਾਈ ਹੇਠ ਦਫ਼ਤਰ ਵਣ ਮੰਡਲ ਅਫ਼ਸਰ ਪਟਿਆਲਾ ਦੇ ਦਫ਼ਤਰ ਅੱਗੇ ਪਿਛਲੇ ਚਾਰ ਦਿਨਾਂ ਤੋਂ ਚੱਲ ਰਿਹਾ ਸ਼ਾਂਤੀਪੂਰਵਕ ਰੋਸ ਧਰਨਾ ਅੱਜ ਸਮਾਪਤ ਹੋ ਗਿਆ।
ਅੱਜ ਸਵੇਰ ਤੋਂ ਹੀ ਜੰਗਲਾਤ ਕਾਮਿਆਂ ਨੇ ਡੀਐਫ਼ਓ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਦੋਂ ਦਫ਼ਤਰ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਕਾਰਨ ਗੂੰਜਣ ਲੱਗਾ ਤਾਂ ਵਣ ਮੰਡਲ ਅਧਿਕਾਰੀ ਵਿੱਦਿਆ ਸਾਗਰੀ ਵੱਲੋਂ ਨੁਮਾਇੰਦਿਆਂ ਨੂੰ ਬੁਲਾ ਕੇ ਗੱਲਬਾਤ ਕੀਤੀ ਗਈ ਅਤੇ ਤਿੰਨ ਦਿਨਾ ਦਾ ਸਮਾਂ ਲੈ ਕੇ ਜਥੇਬੰਦੀ ਨੂੰ ਭਰੋਸਾ ਦਿਵਾਇਆ ਕਿ ਸਾਰੇ ਵਰਕਰਾਂ ਦੀਆਂ ਰੁਕੀਆਂ ਤਨਖ਼ਾਹਾਂ ਜਲਦੀ ਦਿੱਤੀਆਂ ਜਾਣਗੀਆਂ। ਆਗੂਆਂ ਨੇ ਡੀਐਫਓ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਅਸਥਾਈ ਰੂਪ ਵਿਚ ਧਰਨਾ ਚੁੱਕ ਦਿੱਤਾ। ਇਹ ਵੀ ਐਲਾਨ ਕੀਤਾ ਕਿ ਜੇਕਰ ਤਨਖ਼ਾਹਾਂ ਨਾ ਮਿਲੀਆਂ ਤਾਂ ਸੰਘਰਸ਼ ਫੇਰ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਮੇਜਰ ਸਿੰਘ ਸਰਹਿੰਦ, ਕੁਲਵੰਤ ਸਿੰਘ ਥੂਹੀ, ਨਾਭਾ ਹਰੀ ਰਾਮ ਸਮਾਣਾ, ਹਰਪ੍ਰੀਤ ਸਿੰਘ ਲੋਚਮਾ ਰਾਜਪੁਰਾ, ਪਰਮਜੀਤ ਕੌਰ ਨਜ਼ਮਾਂ ਰਾਣੀ, ਬਲਜੀਤ ਕੌਰ, ਮਨਜੀਤ ਕੌਰ,ਲਾਜੋ, ਜਸਪ੍ਰੀਤ ਕੌਰ, ਅਤੇ ਸੁਰਿੰਦਰ ਸਿੰਘ, ਹਰਚਰਨ ਸਿੰਘ ਬਦੋਛੀ, ਤਰਸੇਮ ਸਿੰਘ, ਕੁਲਵਿੰਦਰ ਸਿੰਘ ਤੇ ਵੱਡੀ ਗਿਣਤੀ ਵਰਕਰ ਹਾਜ਼ਰ ਸੀ।