ਸੁਭਾਸ਼ ਚੰਦਰ
ਸਮਾਣਾ, 3 ਨਵੰਬਰ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਬੇਅਦਬੀਆਂ ਸਬੰਧੀ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਲਈ 12 ਅਕਤੂਬਰ ਤੋਂ ਭਾਈ ਗੁਰਜੀਤ ਸਿੰਘ ਖੇੜੀ ਨਗਾਈਆਂ ਸਮਾਣਾ ਵਿੱਚ ਭਾਰਤੀ ਸੰਚਾਰ ਨਿਗਮ ਦੇ 400 ਫੁੱਟ ਉੱਚੇ ਟਾਵਰ ’ਤੇ ਚੜ੍ਹੇ ਹੋਏ ਹਨ। ਉਨ੍ਹਾਂ ਦੀ ਸਿਹਤਯਾਬੀ ਲਈ ਸੰਗਤ ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਨ ਉਪਰੰਤ ਭਾਈ ਸਾਹਿਬ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੀ ਹੈ। 23 ਦਿਨਾਂ ਤੋਂ ਟਾਵਰ ’ਤੇ ਚੜ੍ਹੇ ਭਾਈ ਗੁਰਜੀਤ ਸਿੰਘ ਖਾਲਸਾ ਖੇੜੀ ਨਗਾਈਆਂ ਨੇ ਮੋਬਾਈਲ ਫੋਨ ਰਾਹੀਂ ਸੰਗਤ ਨੂੰ ਕਿਹਾ ਕਿ ਪੰਜਾਬ ਅੰਦਰ ਪਿਛਲੇ 9 ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਹਨ ਜਿਸ ਨੂੰ ਲੈ ਕੇ ਸਖਤ ਕਾਨੂੰਨ ਬਣਾਉਣ ਲਈ ਸਮਾਣਾ ਦੇ ਬੀਐੱਸਐੱਲ ਟਾਵਰ ’ਤੇ ਮੋਰਚਾ ਲਾਇਆ ਹੋਇਆ ਹੈ। ਇਸ ਮੋਰਚੇ ਦੀ ਮੰਗ ਸਖਤ ਕਾਨੂੰਨ ਬਣਾ ਕੇ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਹਾਲ ਕਰਾਉਣਾ ਅਤੇ ਬੇਅਦਬੀਆਂ ਨੂੰ ਰੋਕਣਾ ਹੈ ਤਾਂ ਕਿ ਜੋ ਕੋਈ ਵੀ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਕਰਨ ਬਾਰੇ ਸੋਚ ਵੀ ਨਾ ਸਕੇ। ਇਸ ਦੌਰਾਨ ਭਾਈ ਖਾਲਸਾ ਨੇ ਸਾਰਿਆਂ ਨੂੰ ਸਹਿਯੋਗ ਦੀ ਅਪੀਲ ਕੀਤੀ। ਖਾਲਸਾ ਨੇ ਕਿਹਾ ਕਿ 5 ਨਵੰਬਰ ਦੇ ਇਕੱਠ ਵਿੱਚ ਸਾਰੀ ਸੰਗਤ ਵੱਧ ਚੜ੍ਹ ਕੇ ਪਹੁੰਚੇ। ਖਾਲਸਾ ਨੇ ਕਿਹਾ ਕਿ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੋਇਆ ਹੈ ਜੇਕਰ ਸਰਕਾਰ ਨੇ ਮੰਗ ਨਾ ਮੰਨੀ ਤਾਂ 6 ਨਵੰਬਰ ਨੂੰ 12 ਵਜੇ ਉਹ ਸ਼ਹਾਦਤ ਦੇ ਦੇਣਗੇ। ਅੱਜ ਦੇ ਧਰਨੇ ਵਿੱਚ ਪਹੁੰਚੇ ਖਡੂਰ ਸਾਹਿਬ ਤੋ ਲੋਕ ਸਭਾ ਮੈਂਬਰ ਭਾਈ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਸਾਰੀਆਂ ਹੀ ਪੰਥਕ ਧਿਰਾਂ ਨੂੰ 5 ਨਵੰਬਰ ਦੇ ਇਕੱਠ ’ਚ ਵੱਧ ਤੋਂ ਵੱਧ ਪਹੁੰਚਣਾ ਚਾਹੀਦਾ ਹੈ ਅਤੇ ਇਸ ਮਸਲੇ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਭਾਈ ਗੁਰਜੀਤ ਸਿੰਘ ਖਾਲਸਾ ਨੂੰ 6 ਨਵੰਬਰ ਨੂੰ ਕੋਈ ਅਜਿਹਾ ਕਦਮ ਨਾ ਚੁੱਕਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀਆਂ ਬੇਅਦਬੀਆਂ ਅਕਾਲੀ ਦਲ ਦੀ ਸਰਕਾਰ ਸਮੇਂ ਸ਼ਰੂ ਹੋਈਆਂ ਤੇ ਕਾਂਗਰਸ ਅਤੇ ‘ਆਪ’ ਸਰਕਾਰ ਬੇਅਦਬੀਆਂ ਦਾ ਇਨਸਾਫ ਦਿਵਾਉਣ ਲਈ ਸੱਤਾ ਵਿੱਚ ਆਈ ਪਰ ਕਿਸੇ ਨੇ ਵੀ ਸਰਕਾਰ ਨੇ ਇਨਸਾਫ ਨਹੀਂ ਦਿੱਤਾ। ਇਸ ਮੌਕੇ ਭਾਈ ਰਜਿੰਦਰ ਸਿੰਘ ਫਤਿਹਗੜ੍ਹ ਛੰਨਾ, ਭਾਈ ਸਰੂਪ ਸਿੰਘ ਸੰਧਾ, ਤਲਵਿੰਦਰ ਸਿੰਘ ਔਲਖ, ਅਮਰਜੀਤ ਸਿੰਘ ਗੁਰਾਇਆ ਅਤੇ ਹੋਰ ਸੰਗਤ ਮੌਜੂਦ ਸੀ।