ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਜੂਨ
ਨੇੜਲੇ ਪਿੰਡ ਝਿੱਲ ਵਿੱਚ ਫੈਲੇ ਪੇਚਸ਼ ਕਾਰਨ ਭਾਵੇਂ ਪ੍ਰਭਾਵਿਤ ਖੇਤਰ ਸਮੇਤ ਹੋਰ ਆਸੇ ਪਾਸੇ ਦੇ ਖੇਤਰਾਂ ’ਚ ਵੀ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਪਰ ਖੁਸ਼ੀ ਵਾਲ਼ੀ ਖਬਰ ਹੈ ਕਿ ਅੱਜ ਝਿੱਲ ਵਿਖੇ ਡਾਇਰੀਏ ਦਾ ਕੋਈ ਹੋਰ ਨਵਾਂ ਮਰੀਜ ਨਹੀਂ ਆਇਆ। ਇਸ ਸਬੰਧੀ ਭਾਵੇਂ ਕਿ ਇਲਾਕੇ ਦੇ ਕੌਂਸਲਰ ਸੇਵਕ ਝਿੱਲ ਸਮੇਤ 300 ਦੇ ਕਰੀਬ ਵਿਅਕਤੀ ਪੇਚਸ਼ ਦੀ ਲਪੇਟ ’ਚ ਆਏ ਸਨ ਪਰ ਇਨ੍ਹਾਂ ਵਿੱਚੋਂ ਹਸਪਤਾਲ ’ਚ 42 ਜਣਿਆਂ ਨੂੰ ਹੀ ਦਾਖਲ ਕਰਵਾਉਣਾ ਪਿਆ ਸੀ ਪਰ ਇਨ੍ਹਾਂ ਵਿੱਚੋਂ ਵੀ ਅੱਜ ਕੁਝ ਹੋਰ ਨੂੰ ਹਸਪਤਾਲੋਂ ਛੁੱਟੀ ਮਿਲ ਗਈ ਹੈ। ਅਜੇ ਵੀ 9 ਮਰੀਜ਼ ਵੱਖ ਵੱਖ ਹਸਪਤਾਲਾਂ ਵਿਚ ਦਾਖਲ ਹਨ।
ਇਸੇ ਦੌਰਾਨ ਅੱਜ ਵੀ ਸਿਵਲ ਸਰਜਨ ਡਾ. ਰਾਜੂ ਧੀਰ, ਆਈ.ਡੀ.ਐੱਸ.ਪੀ. ਜ਼ਿਲ੍ਹਾ ਐਪੀਡੋਮੋਲੋਜਿਸਟ ਦਿਵਜੋਤ ਸਿੰਘ, ਡਾ. ਸੁਮੀਤ ਸਿੰਘ ਸਮੇਤ ਸਿਹਤ ਵਿਭਾਗ ਦੇ ਮੁਲਾਜਮਾਂ ਦੀਆਂ ਟੀਮਾਂ ਵੱਲੋਂ ਪ੍ਰਭਾਵਿਤ ਖੇਤਰ ਦੌਰਾ ਕੀਤਾ ਗਿਆ। ਸਿਵਲ ਸਰਜਨ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹੁਣ ਇਸ ਖੇਤਰ ’ਚ ਪੇਚਸ਼ ਦਾ ਕੋਈ ਹੋਰ ਨਵਾਂ ਕੇਸ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਧਰਮਸ਼ਾਲਾ ਵਿੱਚ ਆਰਜ਼ੀ ਡਿਸਪੈਂਸਰੀ ਸਥਾਪਤ ਕਰ ਦਿੱਤੀ ਗਈ ਹੈ। ਇੱਥੇ ਮਰੀਜ਼ਾਂ ਨੂੰ ਸਿਹਤ ਜਾਂਚ ਕਰਕੇ ਲੋੜ ਅਨੁਸਾਰ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਰੈਫਰਲ ਸੁਵਿਧਾ ਲਈ ਐਂਬੂਲੈਂਸ ਸਮੇਤ ਪੁਖਤਾ ਪ੍ਰਬੰਧ ਕੀਤਾ ਹੋਇਆ ਹੈ। ਉਨ੍ਹਾਂ ਹੋਰ ਦੱਸਿਆ ਕਿ ਪਿੰਡ ਵਿੱਚ ਸਿਹਤ ਵਿਭਾਗ ਦੇ ਕਾਮਿਆਂ ਵੱਲੋਂ ਪਿੰਡ ਝਿੱਲ ਅਤੇ ਸ਼ਹੀਦ ਊਧਮ ਸਿੰੰਘ ਨਗਰ ਦੇ ਲੋਕਾਂ ਨੂੰ ਘਰ ਘਰ ਸਰਵੇ ਦੌਰਾਨ ਗਰੁੱਪ ਮੀਟਿੰਗਾਂ ਰਾਹੀਂ ਬਿਮਾਰੀ ਤੋਂ ਬਚਾਅ ਲਈ ਸਾਫ ਸਫਾਈ ਦਾ ਖਾਸ ਧਿਆਨ ਰੱਖਣ, ਹੱਥਾਂ ਵਾਰ ਵਾਰ ਧੋਣ, ਪਾਣੀ ਉਬਾਲ਼ ਕੇ ਪੀਣ ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਢੱਕ ਕੇ ਰੱਖਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਗਿਆ। ਲੋੜਵੰਦਾਂ ਨੂੰ ਓ.ਆਰ.ਐਸ ਦੇ ਪੈਕਟਾਂ ਦੀ ਵੰਡੇ ਅਤੇ ਪਾਣੀ ਨੂੰ ਸ਼ੁੱਧ ਕਰਕੇ ਪੀਣ ਲਈ ਕਲੋਰੀਨ ਦੀਆਂ ਗੋਲੀਆਂ ਦੀ ਵੰਡ ਵੀ ਕੀਤੀ ਗਈ ਹੈ। ਲੋਕਾਂ ਨੂੰ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਹੋਣ ’ਤੇ ਤੁਰੰਤ ਸਿਹਤ ਟੀਮ ਨਾਲ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ।
ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉਪਲ ਵੱਲੋਂ ਇਸ ਖੇਤਰ ’ਚ ਪੀਣ ਵਾਲ਼ੇ ਪਾਣੀ ਦੀ ਸ਼ੁੱਧਤਾ ਯਕੀਨੀ ਬਣਾਉਣ ਲਈ ਐਕਸੀਅਨ ਕੁਲਜਿੰਦਰ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਜਿਨ੍ਹਾਂ ਦੀ ਅਗਵਾਈ ਹੇਠਲੀ ਟੀਮ ਉਸੇ ਦਿਨ ਤੋਂ ਹੀ ਕੰਮ ਕਰਦੀ ਆ ਰਹੀ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਉਡਣ ਦਸਤਾ ਵੀ ਬਣਾਇਆ ਗਿਆ ਹੈ ਜਿਸ ਵੱਲੋਂ ਪਾਣੀ ਦੇ ਜਾਅਲੀ ਕੁਨੈਕਸ਼ਨਾਂ ਦੀ ਚੈਕਿੰਗ ਸਮੇਤ ਪੀਣ ਵਾਲ਼ੇ ਪਾਣੀ ਦੀਆਂ ਪਾਈਪ ਲਾਈਨਾਂ ਦੀ ਸਥਿਤੀ ਬਾਰੇ ਘੋਖ ਕਰਨ ਦੀ ਜ਼ਿੰਮੇਵਾਰੀ ਨਿਭਾਉਣੀ ਹੈ। ਮੇਅਰ ਸੰਜੀਵ ਬਿੱਟੂ ਨੇ ਹਸਪਤਾਲ ਜਾ ਕੇ ਵੀ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ।