ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਨਵੰਬਰ
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਅਜਿਹੀ ਸਰਕਾਰ ਹੈ, ਜੋ ਲੋਕਾਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਖੁਦ ਉਨ੍ਹਾਂ ਦੇ ਘਰਾਂ ਤੱਕ ਦਸਤਕ ਦੇ ਰਹੀ ਹੈ। ਡਾ. ਬਲਬੀਰ ਸਿੰਘ ਅੱਜ ਇੱਥੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਦੇ ਬੈਨਰ ਹੇਠ ਸ਼ੁਰੂ ਕੀਤੇ ਪ੍ਰੋਗਰਾਮ ਤਹਿਤ ਆਪਣੇ ਹਲਕੇ ਪਟਿਆਲਾ ਦਿਹਾਤੀ ਵਿਚਲੇ ਵਾਰਡ ਨੰਬਰ-22, 26, 28 ਅਤੇ 29 ਅਧੀਨ ਪੈਂਦੀਆਂ ਕਲੋਨੀਆਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ। ਇਸ ਮੌਕੇ ਕੈਬਨਿਟ ਮੰਤਰੀ ਨੇ ਗੋਬਿੰਦ ਬਾਗ, ਪੁਰਾਣਾ ਬਿਸ਼ਨ ਨਗਰ ਗਲੀ ਨੰਬਰ-9 ਨੇੜੇ ਮਸਜਿਦ ਅਤੇ ਤਫੱਜਲਪੁਰਾ ਦੀ ਪਾਣੀ ਵਾਲੀ ਟੈਂਕੀ ਦੇ ਪਾਰਕ ’ਚ ਲੋਕਾਂ ਦੇ ਮਸਲੇ ਸੁਣੇ। ਇਨ੍ਹਾਂ ਵਿਚੋਂ ਬਹੁਤੇ ਮਸਲਿਆਂ ਦਾ ਮੌਕੇ ’ਤੇ ਹੀ ਨਿਪਟਾਰਾ ਵੀ ਕੀਤਾ ਤੇ ਰਹਿੰਦੇ ਮਸਲਿਆਂ ਦੇ ਨਿਪਟਾਰੇ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਡਾ. ਰਜਤ ਓਬਰਾਏ, ਏਐੱਸਪੀ ਵੈਬਵ ਚੌਧਰੀ, ਐੱਸਡੀਐੱਮ ਮਨਜੀਤ ਕੌਰ, ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਤੇ ਦੀਪਜੋਤ ਕੌਰ ਆਦਿ ਅਧਿਕਾਰੀ ਮੌਜੂਦ ਸਨ।
ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਨੀਅਤ ਅਤੇ ਨੀਤੀ ਠੀਕ ਹੋਵੇ ਤਾਂ ਸਾਰੇ ਮਸਲੇ ਹੱਲ ਹੋ ਜਾਂਦੇ ਹਨ ਪਰ ਪਿਛਲੀ ਕਾਂਗਰਸ ਸਰਕਾਰ ਸਮੇਂ ਭਾਵੇਂ ਮੁੱਖ ਮੰਤਰੀ ਵੀ ਪਟਿਆਲਾ ਸ਼ਹਿਰ ਤੋਂ ਹੀ ਸਨ ਬਾਵਜੂਦ ਇਸ ਦੇ ਇਥੋਂ ਦੇ ਲੋਕਾਂ ਦੀਆਂ ਵਰ੍ਹਿਆਂ ਤੋਂ ਲਮਕਦੀਆਂ ਆ ਰਹੀਆਂ ਸਮੱਸਿਆਵਾਂ ਨਾਲ ਵੀ ਨਹੀਂ ਨਜਿੱਠਿਆ ਗਿਆ। ਇਹੀ ਕਾਰਨ ਹੈ ਕਿ ਲੋਕਾਂ ਨੇ ਇਨ੍ਹਾਂ ਨੂੰ ਮੂੰਹ ਨਹੀਂ ਲਾਇਆ। ਸਿਹਤ ਮੰਤਰੀ ਨੇ ਦੱਸਿਆ ਕਿ ਤਫੱਜਲਪੁਰਾ ਦੇ ਪਾਰਕ ਨੇੜੇ ਨਵੇਂ ਪਖਾਨੇ ਬਣਨਗੇ, ਸੜਕਾਂ ਦੀ ਮੁਰੰਮਤ ਹੋਵੇਗੀ ਤੇ ਸਟਰੀਟ ਲਾਈਟਾਂ ਮਹੀਨੇ ਦੇ ਅੰਦਰ ਲੱਗ ਜਾਣਗੀਆਂ। ਉਨ੍ਹਾਂ ਨੇ ਗੋਬਿੰਦ ਬਾਗ ਵਿਖੇ ਪਾਰਕ ਬਣਾਉਣ, ਐਲੀਮੈਂਟਰੀ ਸਕੂਲ ਦੀ ਨਵੀਂ ਇਮਾਰਤ ਬਣਾਉਣ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪ੍ਰਬੰਧਾਂ ਲਈ ਖੂਹ ਬਣਾਉਣ ਸਮੇਤ ਹੋਰ ਮੁਸ਼ਕਿਲਾਂ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਮੰਤਰੀ ਨੇ ਮੁਸਲਿਮ ਕਲੋਨੀ ਵਿੱਚ ਵੀ ਬਿਜਲੀ ਦੇ ਖੰਭਿਆਂ ਦੀ ਸਮੱਸਿਆ ਦੂਰ ਕਰਨ ਅਤੇ ਪਾਣੀ ਦੀ ਸਪਲਾਈ ਬਹਾਲ ਕਰਨ ਦੇ ਮੌਕੇ ’ਤੇ ਹੀ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।