ਗੁਰਨਾਮ ਸਿੰਘ ਅਕੀਦਾ
ਪਟਿਆਲਾ, 18 ਮਈ
ਰਾਤੀਂ ਆਏ ਝੱਖੜ ਨੇ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਕੀਤਾ ਉੱਥੇ ਅੰਬਾਂ ਦੀ ਫ਼ਸਲ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ, ਅੰਬ ਦੇ ਰੁੱਖਾਂ ਤੋਂ 80 ਫ਼ੀਸਦੀ ਤੋਂ ਵੱਧ ਅੰਬ ਝੜ ਗਏ ਹਨ। ਜਿਸ ਕਾਰਨ ਉਨ੍ਹਾਂ ਦੀ ਬਰਬਾਦੀ ਦਾ ਕਿਆਸ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਹਾਲਾਂਕਿ ਪੰਜਾਬ ਵਿਚ ਹੋਈ ਅੰਬਾਂ ਦੀ ਬਰਬਾਦੀ ਦਾ ਮੁਆਵਜ਼ਾ ਦੇਣ ਲਈ ਪੰਜਾਬ ਦੇ ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਨ ਬਾਰੇ ਕਿਹਾ ਹੈ ਪਰ ਪਹਿਲਾਂ ਕਦੇ ਵੀ ਅੰਬਾਂ ਦੀ ਹੁੰਦੀ ਬਰਬਾਦੀ ਦਾ ਮੁਆਵਜ਼ਾ ਕਿਸੇ ਵੀ ਸਰਕਾਰ ਨੇ ਨਹੀਂ ਦਿੱਤਾ।
ਪਟਿਆਲਾ ਸ਼ਹਿਰ ਵੀ ਸਰਕਾਰੀ ਤੌਰ ‘ਤੇ ਬਾਗ਼ਬਾਨੀ ਵਿਭਾਗ ਵੱਲੋਂ ਅੰਬਾਂ ਦਾ ਵੱਡਾ ਉਤਪਾਦਕ ਹੈ। ਪਟਿਆਲਾ ਵਿਚ ਅੰਬਾਂ ਦੀਆਂ 60 ਦੇ ਕਰੀਬ ਕਿਸਮਾਂ ਹੋਣ ਕਰਕੇ ਪਟਿਆਲਾ ਨੇੜੇ ਅੰਬਾਂ ਦੇ ਬਾਗ਼ ਵੀ ਵੱਡੇ ਹਨ। ਪਟਿਆਲਾ ਨਜ਼ਦੀਕ ਪਿੰਡ ਸਿਊਨਾ ਵਿਚ ਇਕ ਕਿਸਾਨ ਨੇ 35 ਏਕੜ ਵਿਚ ਅੰਬਾਂ ਦਾ ਬਾਗ਼ ਲਗਾਇਆ ਹੈ, ਇਸ ਬਾਗ਼ ਦੇ ਠੇਕੇਦਾਰ ਸ਼ਮੀਮ ਦਾ ਬੁਰਾ ਹਾਲ ਸੀ, ਉਸ ਨੇ ਕਿਹਾ ਅਸੀਂ ਇਹ ਬਾਗ਼ ਦੋ ਸਾਲਾਂ ਲਈ 15 ਲੱਖ ਰੁਪਏ ਠੇਕੇ ‘ਤੇ ਲਿਆ ਸੀ, ਪਿਛਲੇ ਸਾਲ ਵੀ ਝੱਖੜ ਹਨੇਰੀ ਆ ਗਈ ਸੀ, ਇਸ ਸਾਲ ਚੰਗੀ ਫ਼ਸਲ ਨਜ਼ਰ ਆ ਰਹੀ ਸੀ ਪਰ ਇਸ ਸਾਲ ਵੀ ਕੁਦਰਤ ਨੇ ਕਹਿਰ ਵਰਤਾ ਦਿੱਤਾ। 35 ਏਕੜ ਵਿਚ ਅੰਬਾਂ ਤੇ ਦਵਾਈ ਦਾ ਛਿੜਕਾ ਕਰਨ ਲਈ ਵੀ 5 ਲੱਖ ਦੀ ਦਵਾਈ ਲੱਗ ਗਈ, ਇੱਥੇ 5 ਤੋਂ 10 ਮਜ਼ਦੂਰ 500 ਰੁਪਏ ਦਿਹਾੜੀ ‘ਤੇ ਰੱਖਣੇ ਪੈਂਦੇ ਹਨ, ਸਾਡਾ ਇਹ ਘਾਟਾ ਪੂਰਾ ਹੋਣ ਵਾਲਾ ਨਹੀਂ ਹੈ, ਇਹੀ ਹਾਲ ਪਟਿਆਲਾ ਬਾਰਾਂਦਰੀ ਵਿਚ ਅੰਬਾਂ ਦੇ 30 ਏਕੜ ਵਿਚ ਫੈਲੇ ਬਾਗ਼ ਦਾ ਹੈ ਇੱਥੇ ਅੰਬਾਂ ਨਾਲ ਧਰਤੀ ਭਰੀ ਪਈ ਸੀ, ਅੰਬ ਝੜ ਚੁੱਕੇ ਹਨ। ਠੇਕੇਦਾਰ ਰੋਂਦੇ ਹਨ, ਫ਼ਸਲ ਦਾ ਨੁਕਸਾਨ ਕੋਈ ਵੀ ਭਰਨ ਲਈ ਤਿਆਰ ਨਹੀਂ ਹੈ, ਇੱਥੇ ਦੇ ਬਾਗ਼ਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਇਸ ਸਾਲ ਠੇਕੇਦਾਰਾਂ ਦਾ ਠੇਕਾ 10 ਲੱਖ ਵਿਚ ਸੀ, ਪਰ ਨੁਕਸਾਨ ਜ਼ਿਆਦਾ ਹੋ ਗਿਆ ਹੈ। ਇਸੇ ਤਰ੍ਹਾਂ ਇੱਥੋਂ ਨੇੜੇ ਪਿੰਡ ਫ਼ਤਿਹਪੁਰ (40 ਏਕੜ ਦਾ ਬਾਗ) ਵਿਚ ਤੇ ਕੁਤਬਨਪੁਰ (15 ਏਕੜ ਦਾ ਬਾਗ) ਵਿਚ ਵੀ ਅੰਬਾਂ ਦੇ ਬਾਗ਼ਾਂ ਵਿਚ ਅੰਬ ਝੱਖੜ ਕਾਰਨ ਬੁਰੀ ਤਰ੍ਹਾਂ ਝੜ ਗਏ ਹਨ।
ਮੁੱਖ ਮੰਤਰੀ ਨਾਲ ਗੱਲ ਕਰਾਂਗਾ: ਚੇਤਨ ਸਿੰਘ ਜੌੜਾਮਾਜਰਾ
ਪੰਜਾਬ ਦੇ ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਉਸ ਨੂੰ ਪਤਾ ਹੈ ਕਿ ਝੱਖੜ ਕਾਰਨ ਅੰਬਾਂ ਬੁਰੀ ਤਰ੍ਹਾਂ ਝੜ ਗਏ ਹਨ, ਅੰਬ ਉਤਪਾਦਕਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ, ਜਿਸ ਦੀ ਭਰਪਾਈ ਲਈ ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਨਗੇ।