ਬੀਰਬਲ ਰਿਸ਼ੀ
ਸ਼ੇਰਪੁਰ, 28 ਜੂਨ
ਬਲਾਕ ਸ਼ੇਰਪੁਰ ਦੇ ਪਿੰਡ ਬਾਲੀਆਂ ਦਾ ਅਵਤਾਰ ਸਿੰਘ (24) ਨੂੰ ਪੁਲੀਸ ਚੌਕੀ ਰਣੀਕੇ ’ਚ ਇੱਕ ਕੇਸ ਦੇ ਮੱਦੇਨਜ਼ਰ ਲਿਆਂਦਾ ਸੀ ਜਿਸ ਮਗਰੋਂ ਉਸਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਉਣ ਮਗਰੋਂ ਉਸਦੇ ਸੰਪਰਕ ’ਚ ਰਹੇ ਪੁਲੀਸ ਵਾਲਿਆਂ ਨੇ ਕੁਝ ਟਾਲ-ਮਟੋਲ ਮਗਰੋਂ ਆਖਿਰ ਅੱਜ ਚੌਕੀ ਦੇ 11 ਮੁਲਾਜ਼ਮਾਂ ਨੇ ਸਿਹਤ ਵਿਭਾਗ ਨੂੰ ਆਪਣੇ ਖ਼ੂਨ ਦੇ ਨਮੂਨੇ ਦੇ ਦਿੱਤੇ ਹਨ। ਸਿਹਤ ਵਿਭਾਗ ਦੇ ਐਸਆਈ ਰਾਜਵੀਰ ਸਿੰਘ ਨੇ ਦੱਸਿਆ ਕਿ ਵਿਭਾਗ ਦੀ ਤਿਆਰ ਰਿਪੋਰਟ ਅਨੁਸਾਰ ਬਲਾਕ ਸ਼ੇਰਪੁਰ ਦੇ ਪਿੰਡ ਬਾਲੀਆਂ ਦਾ ਇਹ ਵਿਆਕਤੀ 3 ਜੂਨ ਨੂੰ ਘਰੋਂ ਚਲਾ ਗਿਆ ਅਤੇ ਆਪਣੀ ਹਰੇੜੀ ਰੋਡ ਸੰਗਰੂੁਰ ਵਿੱਚ ਰਿਸ਼ਤੇਦਾਰੀ ’ਚ 10-15 ਦਿਨ ਰਹਿਣ ਮਗਰੋਂ 21 ਜੂਨ ਦੀ ਰਾਤ ਪਿੰਡ ਆਇਆ ਤੇ 22 ਜੂਨ ਨੂੰ ਸਵੇਰੇ 9 ਕੁ ਵਜੇ ਕਿਸੇ ਕੇਸ ’ਚ ਪੁਲੀਸ ਉਸਨੂੰ ਰਣੀਕੇ ਚੌਕੀ ਲੈ ਗਈ। 23 ਜੂਨ ਨੂੰ ਇਸਦੇ ਖ਼ੂਨ ਦੇ ਨਮੂਨੇ ਲਏ ਜਾਣ ਤੋਂ ਬਾਅਦ 26 ਜੂਨ ਨੂੰ ਇਹ ਵਿਆਕਤੀ ਕਰੋਨਾ ਪਾਜ਼ੇਟਿਵ ਨਿੱਕਲਿਆ ਜਿਸਨੂੰ ਉਸੇ ਰਾਤ ਹੀ ਘਾਬਦਾ ਸੈਂਟਰ ਭੇਜਿਆ ਗਿਆ ਹੈ। ਇਸ ਦੇ ਸੰਪਰਕ ਵਿੱਚ ਰਣੀਕੇ ਚੌਕੀ ਦੇ ਏਐੱਸਆਈ ਰਘਵਿੰਦਰ ਸਿੰਘ, ਏਐੱਸਆਈ ਕੁਲਵੰਤ ਸਿੰਘ ਸਮੇਤ 10 ਪੁਲੀਸ ਮੁਲਾਜ਼ਮ ਆਏ ਹਨ। ਆਮ ਤੌਰ ’ਤੇ ਹਰ ਇੱਕ ਨੂੰ ਕਰੋਨਾ ਪਾਜ਼ੇਟਿਵ ਦੇ ਸੰਪਰਕ ’ਚ ਆਉਣ ਮਗਰੋਂ ਤੁਰੰਤ ਇਕਾਂਤਵਾਸ ਕਰ ਦਿੱਤਾ ਜਾਂਦਾ ਹੈ ਪਰ ਪੁਲੀਸ ਚੌਕੀ ਰਣੀਕੇ ਸਬੰਧੀ ਦੂਹਰੇ ਮਾਪਦੰਡਾ ਤੋਂ ਲੋਕ ਹੈਰਾਨ ਹਨ। ਇਸ ਘਟਨਾਕ੍ਰਮ ਮਗਰੋਂ ਰੋਜ਼ਾਨਾਂ ਚੌਕੀ ਆਉਂਦੇ ਪੰਚਾਇਤੀ ਨੁੰਮਾਇੰਦੇ ਤੇ ਸੈਂਕੜੇ ਮੋਹਤਬਰ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਪ੍ਰੇਸ਼ਾਨ ਹਨ। ਉਧਰ, ਬਲਾਕ ਦੇ ਪਿੰਡ ਗੁਰਬਖ਼ਸ਼ਪੁਰਾ ਤੋਂ ਇੱਕ ਤੇ ਫਰਵਾਹੀ ਤੋਂ ਤਿੰਨ ਪਾਜ਼ੇਟਿਵ ਕੇਸ ਆਉਣ ਮਗਰੋਂ ਲੋਕ ਸਹਿਮੇ ਹੋਏ ਹਨ। ਨੋਡਲ ਅਫ਼ਸਰ ਡਾ. ਪਰਮਿੰਦਰ ਸਿੰਘ ਨੇ ਮੰਨਿਆ ਕਿ 27 ਜੂਨ ਨੂੰ ਪੁਲੀਸ ਮੁਲਾਜ਼ਮ ਆਪਣੇ ਖ਼ੂਨ ਦੇ ਨਮੂਨੇ ਦੇਣ ਨਹੀਂ ਪੁੱਜੇ ਸਨ ਜਿਨ੍ਹਾਂ ਦਾ ਤਰਕ ਸੀ ਉਹ ਆਪਣੇ ਉਚ ਅਧਿਕਾਰੀਆਂ ਦੇ ਨਿਰਦੇਸ਼ਾਂ ਦੀ ਉਡੀਕ ਕਰਨਗੇ। ਚੌਕੀ ਇੰਚਾਰਜ ਦਾ ਕਹਿਣਾ ਹੈ ਕਿ ਨਮੂਨੇ ਦੇਣ ਸਬੰਧੀ ਦਿਸ਼ਾ ਨਿਰਦੇਸ਼ ਲੈਣ ਲਈ ਉਨ੍ਹਾਂ ਆਪਣੇ ਅਧਿਕਾਰੀਆਂ ਨੂੰ ਮੇਲ ਭੇਜੀ ਸੀ।
ਸਿਹਤ ਵਿਭਾਗ ਨੇ ਖੂੁਨ ਦੇ 71 ਨਮੂਨੇ ਲਏ: ਐੱਸਐੱਮਓ
ਐੱਸਐੱਮਓ ਸ਼ੇਰਪੁਰ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਅੱਜ ਰਣੀਕੇ ਚੌਕੀ ਦੇ ਮੁਲਾਜ਼ਮਾਂ ਦੇ 11, ਲੱਡਾ ਵਿੱਚ 8 ਅਤੇ ਕਾਂਝਲਾ ਵਿੱਚ 52 ਖੂਨ ਦੇ ਨਮੂਨੇ ਲਏ ਗਏ ਹਨ। ਸਬੰਧਤ ਪੁਲੀਸ ਮੁਲਾਜ਼ਮਾਂ ਨੂੰ ਇਕਾਂਤਵਾਸ ਕੀਤੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਹੈ। ਉਂਜ ਪੁਲੀਸ ਨੇ ਚੌਕੀ ਵਿੱਚ ਹੀ ਇਕਾਂਤਵਾਸ ਰਹਿਣ ਸਬੰਧੀ ਕਿਹਾ ਹੈ ਤੇ ਰਿਪੋਰਟ ਆਉਣ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।