ਰਵੇਲ ਸਿੰਘ ਭਿੰਡਰ
ਪਟਿਆਲਾ, 30 ਦਸੰਬਰ
ਵਿਰਾਸਤੀ ਸ਼ਹਿਰ ਪਟਿਆਲਾ ਜਿੱਥੇ ਪਹਿਲਾਂ ਹੀ ਸਿੱਖਿਆ ਹੱਬ ਵਜੋਂ ਪ੍ਰਸਿੱਧ ਸੀ ਉੱਥੇ ਇਸ ਸਾਲ ਇਸ ਸ਼ਹਿਰ ਨੂੰ ਦੋ ਹੋਰ ਯੂਨੀਵਰਸਿਟੀਆਂ ਨਸੀਬ ਹੋਣ ਨਾਲ ਇਸ ਦਾ ਸਿੱਖਿਆ ਸੰਸਥਾਵਾਂ ਪੱਖੋਂ ਦਾਇਰਾ ਹੋਰ ਵਧ ਗਿਆ ਹੈ। ਸ਼ਾਹੀ ਸ਼ਹਿਰ ’ਚ ਪਹਿਲਾਂ ਪੰਜਾਬੀ ਭਾਸ਼ਾ ਦੇ ਨਾਂ ’ਤੇ ਸੰਸਾਰ ਦੀ ਦੂਜੀ ਯੂਨੀਵਰਸਿਟੀ ਵਜੋਂ ਪੰਜਾਬੀ ਯੂਨੀਵਰਸਿਟੀ ਅਤੇ ਕਾਨੂੰਨ ਦੀ ਪੜ੍ਹਾਈ ਪੱਖੋਂ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਕਾਰਜਸ਼ੀਲ ਹਨ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦਿਲਚਸਪੀ ਹੇਠ ਇਸ ਸ਼ਹਿਰ ਨੂੰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਵੀ ਨਸੀਬ ਹੋ ਗਈ ਹੈ, ਇਸ ਯੂਨੀਵਰਸਿਟੀ ਦਾ ਬਕਾਇਦਾ ਨਵੇਂ ਕੈਂਪਸ ਦਾ ਨੀਂਹ ਪੱਥਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਖਿਆ ਹੈ ਜਦ ਕਿ ਇਸ ਸ਼ਹਿਰ ’ਚ ਪਹਿਲਾਂ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੀ ਸਥਾਪਤ ਕੀਤੀ ਗਈ। ਇਸ ਤੋਂ ਇਲਾਵਾ ਇੰਜਨੀਅਰਿੰਗ ਤੇ ਟੈਕਨੀਕਲ ਖੇਤਰ ਦੀ ਅਹਿਮ ਯੂਨੀਵਰਸਿਟੀ ਥਾਪਰ ਵੀ ਇੱਥੇ ਕਾਰਜਸ਼ੀਲ ਹੈ। ਖੇਡਾਂ ਦੇ ਕੌਮੀ ਲਿਹਾਜ਼ ਤੋਂ ਇਸ ਸ਼ਹਿਰ ’ਚ ਪਹਿਲਾਂ ਕੌਮੀ ਖੇਡ ਸੰਸਥਾ ਐੱਨ.ਆਈ.ਐੱਸ.ਵੀ. ਸਥਾਪਿਤ ਹੈ। ਸਿੱਖਿਆ ਹੱਬ ਤੋਂ ਇਲਾਵਾ ਪਟਿਆਲਾ ਦੀ ਰਿਆਸਤੀ ਦਿੱਖ ਨੂੰ ਸੰਭਾਲਣ ਲਈ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ਰਾਜਿੰਦਰਾ ਝੀਲ ਦੀ ਪੁਨਰ ਸੁਰਜੀਤੀ ਅਤੇ ਇਤਿਹਾਸਕ ਬਾਰਾਂਦਰੀ ਬਾਗ਼ ਦੀ ਸਾਂਭ-ਸੰਭਾਲ ਦੇ ਪ੍ਰਾਜੈਕਟ ਵੀ ਇਸ ਸਾਲ ਕਾਫ਼ੀ ਸਿਰੇ ਚੜ੍ਹੇ ਹਨ। ਰਾਜਿੰਦਰਾ ਝੀਲ ’ਚ ਕਰੀਬ ਡੇਢ ਦਹਾਕੇ ਬਾਅਦ ਰੌਣਕ ਪਰਤੀ ਹੈ ਅਤੇ ਬਾਰਾਂਦਰੀ ਬਾਗ਼ ’ਚ ਲੋਕਾਂ ਲਈ ਓਪਨ ਜਿਮ, ਰੌਸ਼ਨੀ, ਸੈਰ ਪਗਡੰਡੀਆਂ ਅਤੇ ਹੋਰ ਕੰਮ ਕਰਵਾਏ ਗਏ ਹਨ। ਇਨਾਂ ਦੋਵਾਂ ਪ੍ਰਾਜੈਕਟਾਂ ’ਤੇ ਲਗਪਗ 584 ਲੱਖ ਰੁਪਏ ਦਾ ਖਰਚ ਆਇਆ ਹੈ। ਇਸੇ ਤਰ੍ਹਾਂ ਸ਼ਹਿਰ ਦਾ ਇੱਕ ਹੋਰ ਅਹਿਮ ਵਿਰਾਸਤੀ ਪ੍ਰਾਜੈਕਟ ਹੈਰੀਟੇਜ ਸਟਰੀਟ ਵੀ ਇਸੇ ਸਾਲ ਅਕਤੂਬਰ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤਾ ਜਾ ਚੁੱਕਾ ਹੈ। ਕਰੀਬ 43 ਕਰੋੜ ਦੇ ਬਜਟ ਦਾ ਇਹ ਪ੍ਰਾਜੈਕਟ ਕਿਲਾ ਮੁਬਾਰਕ ਤੋਂ ਦੋ ਕਿਲੋਮੀਟਰ ਦੇ ਹਿੱਸੇ ਨੂੰ ਵਿਰਾਸਤੀ ਦਿੱਖ ਦੇਣ ਦਾ ਹੈ, ਜਿਸ ਨਾਲ ਪਟਿਆਲਾ ਦੇ ਇਸ ਮਾਰਗ ਦੀ ਕੌਮਾਂਤਰੀ ਪਛਾਣ ਬਣੇਗੀ।