ਖੇਤਰੀ ਪ੍ਰਤੀਨਿਧ
ਪਟਿਆਲਾ, 31 ਜੁਲਾਈ
ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਇਤਿਹਾਸਕ ਦਰਸ਼ਨੀ ਡਿਊੜੀ ਦੇ ਬਾਹਰ ਅੱਜ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕਰਦੇ ਹੋਰਡਿੰਗਜ਼ ਲਗਾ ਦਿੱਤੇ ਗਏ ਹਨ। ਮੈਨੇਜਰ ਜਰਨੈਲ ਸਿੰਘ ਅਤੇ ਐਡੀਸ਼ਨਲ ਮੈਨੇਜਰ ਕਰਨੈਲ ਵਿਰਕ ਦੀ ਦੇਖ-ਰੇਖ ਹੇਠ ਇਹ ਹੋਰਡਿੰਗਜ਼ ਗੁਰਦੁਆਰੇ ਦੇ ਮੁਲਾਜ਼ਮਾਂ ਨੇ ਲਾਏ।
ਇਨ੍ਹਾਂ ਹੋਰਡਿੰਗਜ਼ ’ਤੇ ਬੇਅੰਤ ਸਿੰਘ ਕਤਲ ਕੇਸ ਦੇ ਮੁਲ਼ਜ਼ਮਾਂ ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਲਖਵਿੰਦਰ ਸਿੰਘ ਲੱਖਾ ਆਦਿ ਸਣੇ ਪ੍ਰੋ. ਦਵਿੰਦਰਪਾਲ ਭੁੱਲਰ ਤੇ ਹੋਰਾਂ ਦੀਆਂ ਫੋਟੋਆਂ ਲਾਈਆਂ ਹੋਈਆਂ ਹਨ। ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਵਰ੍ਹਿਆਂ ਤੋਂ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਇਹ ਹੋਰਡਿੰਗਜ਼ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ’ਚ ਹਨ। ਮੈਨੇਜਰ ਜਰਨੈਲ ਸਿੰਘ ਨੇ ਕਿਹਾ ਕਿ ਇਹ ਹੋਰਡਿੰਗਜ਼ ਬੰਦੀ ਸਿੰਘਾਂ ਬਾਰੇ ਸਿੱਖ ਸੰਗਤ ਨੂੰ ਜਾਣੂ ਕਰਵਾਉਣਗੇ। ਇਨ੍ਹਾਂ ਹੋਰਡਿੰਗਜ਼ ਵਿੱਚ ਬੰਦੀ ਸਿੱਖਾਂ ਦਾ ਵੇਰਵਾ, ਜੇਲ੍ਹਾਂ ’ਚ ਬੰਦ ਰਹਿਣ ਦਾ ਸਮਾਂ ਆਦਿ ਜਾਣਕਾਰੀ ਵੀ ਦਿੱਤੀ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਮੈਨੇਜਰ ਗੁਰਮੀਤ ਸਿੰਘ ਸੁਨਾਮ, ਪਟਵਾਰੀ ਮਨਜੀਤ ਪਵਾਰ, ਅਕਾਊਂਟੈਂਟ ਵਰਿੰਦਰ ਸਿੰਘ ਗੋਲਡੀ, ਗੁਰਦੀਪ ਸਿੰਘ, ਆਤਮ ਪ੍ਰਕਾਸ਼ ਸਿੰਘ ਬੇਦੀ, ਹਰਵਿੰਦਰ ਕਾਲ਼ਵਾ, ਪੰਮਾ ਪਨੌਦੀਆ, ਕੰਵਰ ਬੇਦੀ, ਪਟਵਾਰ, ਮਨਜੀਤ ਕੌਲੀ, ਸਰਬਜੀਤ ਸਿੰਘ, ਆਦਿ ਵੀ ਹਾਜ਼ਰ ਸਨ।
ਇਸੇ ਦੌਰਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਕਰਨੈਲ ਸਿੰਘ ਪੰਜੋਲ਼ੀ ਨੇ ਕਿਹਾ ਕਿ ਦੋ ਫ਼ੀਸਦੀ ਹੁੰਦਿਆਂ ਵੀ ਆਜ਼ਾਦੀ ’ਚ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲ਼ੇ ਪੰਜਾਬੀਆਂ ਨਾਲ ਹਕੂਮਤਾਂ ਨੇ ਹਮੇਸ਼ਾ ਹੀ ਧਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰਨ ਤੋਂ ਕਈ ਕਈ ਸਾਲਾਂ ਬਾਅਦ ਤੱਕ ਵੀ ਰਿਹਾਈ ਨਾ ਕਰਨਾ ਸਿੱਖ ਭਾਈਚਾਰੇ ਨੂੰ ਆਜ਼ਾਦ ਭਾਰਤ ’ਚ ਵੀ ਘੱਟ ਗਿਣਤੀ ਦਾ ਅਹਿਸਾਸ ਕਰਵਾਉਣ ਦੇ ਤੁੱਲ ਹੈ। ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆਂ ਸ੍ਰੀ ਪੰਜੋਲ਼ੀ ਨੇ ਕਿਹਾ ਕਿ ਸਾਰੇ ਗਿਲੇ ਸ਼ਿਕਵੇ ਭੁਲਾਉਂਦਿਆਂ, ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਸ ਅਨਿਆਂ ਖ਼ਿਲਾਫ਼ ਸਮੁੱਚੇ ਸਿੱਖ ਭਾਈਚਾਰੇ ਨੂੰ ਇੱਕਜੁਟ ਹੋਣ ਦੀ ਲੋੜ ਹੈ।