ਗੁਰਨਾਮ ਸਿੰਘ ਚੌਹਾਨ
ਪਾਤੜਾਂ, 4 ਜੂਨ
ਪਿੰਡ ਦੇਧਨਾ ਵਿੱਚ ਨਸ਼ਾ ਲੈ ਕੇ ਜਾ ਰਹੇ ਇੱਕ ਪਤੀ-ਪਤਨੀ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਪਿੰਡ ਦੇਧਨਾ ਦੇ ਰਹਿਣ ਵਾਲੇ ਅਮਰਜੀਤ ਸਿੰਘ ਨੇ ਦੱਸਿਆ ਹੈ ਕਿ ਉਹ ਬੀਤੀ ਰਾਤ ਉਹ ਆਪਣੇ ਸਾਥੀ ਨਿਰਮਲ ਸਿੰਘ ਨਾਲ ਸੈਰ ਕਰਨ ਲਈ ਸਟੇਡੀਅਮ ’ਚ ਜਾ ਰਿਹਾ ਸੀ। ਬੱਸ ਸਟੈਂਡ ਕੋਲ ਸਕੂਟਰੀ ’ਤੇ ਸਵਾਰ ਹੋ ਕੇ ਪਤੀ, ਪਤਨੀ ਪਿੰਡ ਵੱਲ ਆ ਰਹੇ ਸਨ। ਉਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਤਿੰਨ ਗ੍ਰਾਮ ਹੈਰੋਇਨ ਬਰਾਮਦ ਕਰ ਕੇ ਪੁਲੀਸ ਹਵਾਲੇ ਕੀਤਾ ਗਿਆ। ਉਨ੍ਹਾਂ ਨੇ ਦੱਸਿਆਂ ਕਿ ਇਹ ਜੋੜਾ ਪਹਿਲਾਂ ਵੀ ਨਸ਼ੇ ਲੈ ਕੇ ਜਾਂਦਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਵਿੰਦਰ ਸਿੰਘ ਗੁਰੀ ਨੇ ਕਿਹਾ ਕਿ ਪਿੰਡ ਦੇਧਨਾ ਨਸ਼ਾ ਤਸਕਰਾਂ ਦੀ ਹੱਬ ਬਣਿਆ ਹੋਇਆ ਹੈ। ਦੂਰ-ਦੂਰ ਤੋਂ ਨੌਜਵਾਨ ਨਸ਼ਾ ਲੈਣ ਆਉਂਦੇ ਹਨ। ਬੀਤੇ ਦਿਨੀਂ ਪਿੰਡ ਦੇ ਇੱਕ ਤਸਕਰ ਵੱਲੋਂ ਵੇਚੇ ਟੀਕੇ ਲੱਗਣ ਨਾਲ ਘੱਗਾ ਦੇ ਨੌਜਵਾਨ ਦੀ ਮੌਤ ਹੋ ਚੁੱਕੀ ਹੈ।
ਥਾਣਾ ਮੁਖੀ ਦਰਸ਼ਨ ਸਿੰਘ ਨੇ ਦੱਸਿਆ ਕਿ ਸਕੂਟਰੀ ਸਵਾਰ ਕਿਰਪਾਲ ਸਿੰਘ ਤੇ ਉਸ ਦੀ ਪਤਨੀ ਜਸਪ੍ਰੀਤ ਕੌਰ ਵਾਸੀ ਹਰਿਆਊ ਖੁਰਦ ਤੋਂ ਕੀਤੀ ਗਈ ਹੋਰ ਪੁੱਛ ਪੜਤਾਲ ਮਗਰੋਂ ਪੰਮੀ ਰਾਣੀ ਵਾਸੀ ਦੇਧਨਾ, ਮਨਜੀਤ ਕੌਰ ਵਾਸੀ ਬਲਬੇੜਾ, ਬੰਟੀ ਵਾਸੀ ਨਿਆਲ ਅਤੇ ਅਣਪਛਾਤੀ ਔਰਤ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਕਿਰਪਾਲ ਸਿੰਘ ਤੇ ਉਸ ਦੀ ਪਤਨੀ ਜਸਪ੍ਰੀਤ ਕੌਰ ਵਾਸੀ ਹਰਿਆਊ ਖੁਰਦ ਅਤੇ ਮਨਜੀਤ ਕੌਰ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਅਦਾਲਤ ਵਿੱਚ ਪੇਸ਼ ਕੀਤੇ ਜਾਣ ਤੇ ਅਦਾਲਤ ਨੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ।