ਬਹਾਦਰ ਿਸੰਘ ਮਰਦਾਂਪੁਰ
ਰਾਜਪੁਰਾ, 7 ਨਵੰਬਰ
ਇੱਥੋਂ ਦੇ ਰੇਲਵੇ ਸਟੇਸ਼ਨ ਤੇ ਲੱਗੇ ਡੀ.ਏ.ਪੀ ਖਾਦ ਦੇ ਰੈਕ ਵਿੱਚੋਂ ਸਾਰੀ ਡੀ.ਏ.ਪੀ ਖਾਦ ਸਹਿਕਾਰੀ ਸਭਾਵਾਂ ਨੂੰ ਭੇਜਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਯੂਨੀਅਨ ਆਗੂਆਂ ਕਰਨੈਲ ਸਿੰਘ ਲੰਗ, ਮਾਨ ਸਿੰਘ ਰਾਜਪੁਰਾ, ਦਵਿੰਦਰ ਸਿੰਘ ਨੌਗਾਵਾਂ, ਹਰਜੀਤ ਸਿੰਘ ਟਹਿਲਪੁਰਾ, ਮਨਜੀਤ ਸਿੰਘ ਘੁੰਮਾਣਾ ਅਤੇ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਰੇਲਵੇ ਯਾਰਡ ਵਿਖੇ ਮਾਰਕਫੈਡ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਡੀਏਪੀ ਖਾਦ ਦੇ ਲੋਡ ਟਰੱਕਾਂ ਨੂੰ ਪ੍ਰਾਈਵੇਟ ਦੁਕਾਨਦਾਰਾਂ ਕੋਲ ਜਾਣ ਤੋਂ ਰੋਕਣ ਲਈ ਰੇਲਵੇ ਯਾਰਡ ਦੇ ਗੇਟਾਂ ਵਿੱਚ ਆਪਣੀ ਟਰੈਕਟਰ ਟਰਾਲੀਆਂ ਲਗਾ ਦਿੱਤੀਆਂ। ਉਨ੍ਹਾਂ ਪੰਜਾਬ ਸਰਕਾਰ ਅਤੇ ਮਾਰਕਫੈੱਡ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਸਹਿਕਾਰੀ ਸਭਾਵਾਂ ਨੂੰ ਲੋੜੀਂਦੀ ਡੀ.ਏ.ਪੀ ਖਾਦ ਨਹੀਂ ਮਿਲਦੀ ਉਦੋਂ ਤੱਕ ਪ੍ਰਾਈਵੇਟ ਦੁਕਾਨਦਾਰਾਂ ਨੂੰ ਖਾਦ ਨਾ ਭੇਜੀ ਜਾਵੇ। ਇਥੇ ਦੱਸਣਯੋਗ ਹੈ ਕਿ ਕਿਸਾਨ ਲੰਬੇ ਸਮੇਂ ਤੋਂ ਡੀਏਪੀ ਖਾਦ ਨਾ ਮਿਲਣ ਕਾਰਨ ਪੇ੍ਸ਼ਾਨ ਹਨ ਅਤੇ ਦੁਕਾਨਦਾਰਾਂ ਵੱਲੋਂ ਡੀਏਪੀ ਦੇ ਨਾਲ ਹੋਰ ਬੇਲੋੜੀਆਂ ਚੀਜ਼ਾਂ ਵੇਚ ਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਇਹੀ ਨਹੀਂ ਕਈ ਥਾਵਾਂ ’ਤੇ ਕਿਸਾਨਾਂ ਵੱਲੋਂ ਬਲੈਕ ਵਿੱਚ ਖਾਦ ਖਰੀਦ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਇਸੇ ਦੌਰਾਨ ਮੌਕੇ ’ਤੇ ਐਸ.ਡੀ.ਐਮ ਰਾਜਪੁਰਾ ਸੰਜੀਵ ਕੁਮਾਰ ਅਤੇ ਜ਼ਿਲ੍ਹਾ ਖਾਦ ਵੰਡ ਅਫਸਰ ਮੱਖਣ ਸਿੰਘ ਗਿੱਲ ਵੀ ਪੁੱਜ ਗਏ ਅਤੇ ਉਨ੍ਹਾਂ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲਬਾਤ ਕੀਤੀ। ਸ੍ਰੀ ਗਿੱਲ ਨੇ ਦੱਸਿਆ ਕਿ ਜੋ ਅੱਜ ਡੀ.ਏ.ਪੀ ਦਾ ਰੈਕ ਲੱਗਿਆ ਹੈ ਕੇਂਦਰ ਦੀ ਪਾਲਿਸੀ ਮੁਤਾਬਿਕ ਇਸ ਵਿੱਚੋਂ 50 ਫੀਸਦੀ ਖਾਦ ਪ੍ਰਾਈਵੇਟ ਦੁਕਾਨਦਾਰਾਂ ਅਤੇ 50 ਫੀਸਦੀ ਉਨ੍ਹਾਂ ਸਹਿਕਾਰੀ ਸਭਾਵਾਂ ਨੂੰ ਭੇਜਿਆ ਜਾਵੇਗਾ ਜਿਨ੍ਹਾਂ ਨੂੰ ਪਹਿਲਾ ਖਾਦ ਮਿਲਿਆ ਹੀ ਨਹੀਂ ਜਾਂ ਘੱਟ ਖਾਦ ਮਿਲਿਆ ਹੈ ਜਿਹੜੀ ਸਹਿਕਾਰੀ ਸਭਾਵਾਂ ਪਹਿਲਾਂ ਮੰਗ ਤੋਂ ਵਾਧੂ ਖਾਦ ਲੈ ਗਈਆਂ ਹਨ। ਉਨ੍ਹਾਂ ਨੂੰ ਹੁਣ ਖਾਦ ਨਹੀਂ ਮਿਲੇਗੀ।