ਰਵੇਲ ਸਿੰਘ ਭਿੰਡਰ
ਪਟਿਆਲਾ, 16 ਸਤੰਬਰ
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਜੁਆਇੰਟ ਐਕਸ਼ਨ ਕਮੇਟੀ ਦੇ ਪਿਛਲੇ ਕਰੀਬ ਸਵਾ ਮਹੀਨੇ ਤੋਂ ਚੱਲ ਰਹੇ ਸੰਘਰਸ਼ ਦੌਰਾਨ ਅੱਜ ਪੈਨਸ਼ਨਰਾਂ ਨੂੰ ਪਿਛਲੇ ਮਹੀਨੇ ਦੀ ਪੈਨਸ਼ਨ ਨਾ ਮਿਲਣ ਦਾ ਮੁੱਦਾ ਗਰਮਾਇਆ ਰਿਹਾ। ਭਾਵੇਂ ਇਹ ਸੰਘਰਸ਼ ਮੁਲਾਜ਼ਮਾਂ ਤੇ ਅਧਿਆਪਕਾਂ ਦੀਆਂ ਤਨਖਾਹਾਂ, ਪੈਨਸ਼ਨਾਂ ਦਾ ਸਮੇਂ ਸਿਰ ਭੁਗਤਾਨ, ਯੂਨੀਵਰਸਿਟੀ ਨੂੰ ਵਿੱਤੀ ਗ੍ਰਾਂਟ ਦਿਵਾਉਣ ਲਈ ਅਤੇ ਇਸ ਵੱਕਾਰੀ ਸੰਸਥਾਂ ਦੀ ਖੁਦਮੁਖਤਿਆਰੀ ਲਈ ਲਗਾਤਾਰ ਕੀਤਾ ਜਾ ਰਿਹਾ ਹੈ ਪਰ ਅੱਜ ਦੇ ਧਰਨੇ ਦੌਰਾਨ ਹੋਰ ਮਸਲਿਆਂ ਤੋਂ ਇਲਾਵਾ ਵਧੇਰੇ ਕਰਕੇ ਪੈਨਸ਼ਨਰਜ਼ ਨੂੰ ਪੈਨਸ਼ਨ ਮੁਹੱਈਆ ਹੋਣ ਦਾ ਮਸਲਾ ਗਰਮਾਇਆ ਰਿਹਾ। ਧਰਨੇ ਵਿੱਚ ਅੱਜ ਪੈਨਸ਼ਨਰਾਂ ਵਲੋਂ ਸ਼ਮੂਲੀਅਤ ਕੀਤੀ ਗਈ ਸੀ। ਅਜਿਹੇ ਦੌਰਾਨ ਯੂਨੀਵਰਸਿਟੀ ਦੀ ਪੈਨਸ਼ਨਰ ਯੂਨੀਅਨ ਦੇ ਨੁਮਾਇੰਦੇ ਹਰੀ ਸਿੰਘ ਬਲੋਰੀਆ, ਨਾਨਕ ਸਿੰਘ, ਆਜ਼ਾਦ ਸਿੰਘ, ਗੁਰਚਰਨ ਸਿੰਘ, ਬਲਵੰਤ ਸਿੰਘ ਨੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਆਲੋਚਨਾ ਕਰਦੇ ਹੋਏ ਆਖਿਆ ਕਿ ਪੈਨਸ਼ਨਰਾਂ ਦੇ ਖਾਤਿਆਂ ਵਿੱਚ ਅਜੇ ਤੱਕ ਪੈਨਸ਼ਨ ਨਹੀਂ ਪਾਈ ਗਈ ਅਤੇ ਬਹੁਤੇ ਪੈਨਸ਼ਨਰਾਂ ਦਾ ਗੰਭੀਰ ਮੈਡੀਕਲ ਇਲਾਜ਼ ਚੱਲ ਰਿਹਾ ਹੈ ਜਿਨ੍ਹਾਂ ਨੂੰ ਪੈਸੇ ਦੀ ਸਖ਼ਤ ਲੋੜ ਹੈ। ਇਸ ਵਡੇਰੀ ਉਮਰੇ ਕੋਵਿਡ-19 ਦੇ ਮਾਹੌਲ ਵਿੱਚ ਉਨ੍ਹਾਂ ਨੂੰ ਆਪਣੇ ਅਧਿਕਾਰ ਲੈਣ ਲਈ ਉਨ੍ਹਾਂ ਨੂੰ ਵਾਈਸ-ਚਾਂਸਲਰ ਦਫ਼ਤਰ ਅੱਗੇ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਜੁਆਇੰਟ ਐਕਸ਼ਨ ਕਮੇਟੀ ਦੇ ਹੋਰ ਆਗੂਆਂ ਪੰਜਾਬ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿਚੋਂ ਕੱਢਣ ਲਈ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ ਤੇ ਯੂਨੀਵਰਸਿਟੀ ਨੂੰ ਬਿਨਾਂ ਦੇਰੀ ਜਲਦੀ ਤੋਂ ਜਲਦੀ ਵਿੱਤੀ ਗ੍ਰਾਂਟ ਮੁਹੱਈਆ ਕਰਵਾਉਣੀ ਚਾਹੀਦੀ ਹੈ ਕਿ ਤਾਂ ਕਿ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਇਹ ਮਾਲਵੇ ਦੀ ਸਿਰਮੋਰ ਯੂਨੀਵਰਸਿਟੀ ਲੀਹਾਂ ਤੇ ਆ ਸਕੇ।