ਰਵੇਲ ਸਿੰਘ ਭਿੰਡਰ
ਪਟਿਆਲਾ, 21 ਮਈ
ਪੰਜਾਬੀ ਯੂਨੀਵਰਸਿਟੀ ਜੁਆਇੰਟ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਯੂਨੀਵਰਸਿਟੀ ਦੇ ਮੁਲਾਜ਼ਮਾਂ ਤੇ ਅਧਿਆਪਕਾਂ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਮੁਲਾਜ਼ਮ ਤਨਖਾਹਾਂ, ਪੈਨਸ਼ਨਾਂ ਦੀ ਸਮੇਂ ਸਿਰ ਅਦਾਇਗੀ ਨਾ ਹੋਣ ਅਤੇ, ਪੰਜਾਬੀ ਯੂਨੀਵਰਸਿਟੀ ਨੂੰ ਗਰਾਂਟ ਜਾਰੀ ਨਾ ਹੋਣ ਤੋਂ ਖਫ਼ਾ ਹਨ। ਪਿਛਲੇ ਦੋ ਮਹੀਨੇ ਦੀ ਤਨਖਾਹ ਜਾਰੀ ਨਾ ਹੋਣ ਕਾਰਨ ਮੁਲਾਜ਼ਮਾਂ ਵਿੱਚ ਡਾਢਾ ਰੋਸ ਹੈ। ਧਰਨੇ ਦੌਰਾਨ ਪੂਟਾ ਪ੍ਰਧਾਨ ਡਾ ਨਿਸ਼ਾਨ ਸਿੰਘ ਦਿਓਲ ਨੇ ਡਾਢੇ ਸ਼ਿਕਵੇ ’ਚ ਆਖਿਆ ਕਿ ਭਾਵੇਂ ਯੂਨੀਵਰਸਿਟੀ ਦੀ ਵਿੱਤੀ ਸਮੱਸਿਆ ਨੂੰ ਲੈ ਅਨੇਕਾਂ ਵਾਰ ਸਰਕਾਰ ਤੱਕ ਪਹੁੰਚ ਕੀਤੀ ਗਈ ਹੈ ਪਰ ਸਰਕਾਰ ਦੀ ਮਨਸ਼ਾ ਯੂਨੀਵਰਸਿਟੀ ਦੀ ਵਿੱਤੀ ਹਾਲਤ ਠੀਕ ਕਰਨ ਦੀ ਨਹੀਂ ਲੱਗ ਰਹੀ। ਪੂਟਾ ਦੇ ਮੀਤ ਪ੍ਰਧਾਨ ਡਾ. ਮਨਿੰਦਰ ਸਿੰਘ ਨੇ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਕਮਜ਼ੋਰੀ ਵਿਚੋਂ ਕੱਢਣ ਲਈ ਪੰਜਾਬ ਸਰਕਾਰ ਨੇ ਕੋਈ ਯੱਕਮੁਸ਼ਤ ਗਰਾਂਟ ਨਹੀਂ ਦਿੱਤੀ ਹੈ ਤੇ ਨਾ ਹੀ ਬਜਟ ਵਿਚ ਐਲਾਨੀ 90 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਨਾ ਹੀ ਪੰਜਾਬੀ ਯੂਨੀਵਰਸਿਟੀ ਦੀ ਮਹੀਨਾਵਾਰ ਗਰਾਂਟ ਵਿਚ ਕੋਈ ਵਾਧਾ ਕੀਤਾ ਗਿਆ ਹੈ। ਡਾ.ਅਵਨੀਤਪਾਲ ਸਿੰਘ ਨੇ ਆਖਿਆ ਕਿ ਦੋ ਮਹੀਨੇ ਤੋਂ ਤਨਖਾਹਾਂ ਨਾ ਮਿਲਣ ਕਰਕੇ ਕਰੋਨਾ ਮਹਾਮਾਰੀ ਦੇ ਚੱਲਦਿਆਂ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਆਪਣੇ ਰੋਜ਼ਮਰਾ ਦੇ ਖਰਚੇ ਅਤੇ ਦਵਾਈਆਂ ਆਦਿ ਦੇ ਖਰਚੇ ਵੀ ਕਰਨੇ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਏ। ਧਰਨੇ ਵਿੱਚ ਡਾ. ਅਮਰਪ੍ਰੀਤ ਸਿੰਘ , ਡਾ ਰਾਜਦੀਪ ਸਿੰਘ, ਸੁਖਜਿੰਦਰ ਬੁੱਟਰ ਆਦਿ ਵੀ ਸ਼ਾਮਲ ਹੋਏ।