ਸੁਭਾਸ਼ ਚੰਦਰ
ਸਮਾਣਾ, 27 ਅਪਰੈਲ
ਸਿਟੀ ਪੁਲੀਸ ਮੁਖੀ ਸਬ-ਇੰਸਪੈਕਟਰ ਲਖਵੀਰ ਸਿੰਘ ਦੀ ਅਗਵਾਈ ਹੇਠ ਮਾਰੇ ਗਏ ਛਾਪੇ ਦੌਰਾਨ ਸਮਾਣਾ ਤੇ ਪਾਤੜਾਂ ਸਣੇ ਜ਼ਿਲ੍ਹੇ ਦੇ ਮੁੱਖ ਦੜਾ-ਸੱਟਾ ਏਜੰਟ ਅੱਛਰੂ ਰਾਮ ਨੂੰ ਦੜੇ-ਸੱਟੇ ਦੀ 24.97 ਲੱਖ ਰੁਪਏ ਦੀ ਰਾਸ਼ੀ ਸਣੇ ਕਾਬੂ ਕਰ ਕੇ ਉਸ ਅਤੇ ਅੱਠ ਹੋਰ ਏਜੰਟਾਂ ਖ਼ਿਲਾਫ਼ ਧੋਖਾਧੜੀ ਤੇ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕਰ ਕੇ ਅੱਛਰੂ ਰਾਮ ਵਾਸੀ ਸੀਤਾ-ਗੀਤਾ ਗਲੀ ਸਮਾਣਾ ਨੂੰ ਹਿਰਾਸਤ ਵਿੱਚ ਲੈ ਕੇ ਅਦਾਲਤ ’ਚ ਪੇਸ਼ ਕੀਤਾ ਗਿਆ।
ਸਿਟੀ ਪੁਲੀਸ ਮੁਖੀ ਲਖਵੀਰ ਸਿੰਘ ਨੇ ਦੱਸਿਆ ਕਿ ਦੜਾ-ਸੱਟਾ ਆਗੂ ਕਾਫ਼ੀ ਲੰਮੇ ਸਮੇਂ ਤੋਂ ਖ਼ੁਦ ਅਤੇ ਹੋਰ ਏਜੰਟਾਂ ਰਾਹੀ ਵੱਖ-ਵੱਖ ਸ਼ਹਿਰਾਂ ਅਤੇ ਸ਼ਹਿਰ ਦੇ ਦਰਜਨਾਂ ਮੁਹੱਲਿਆਂ ’ਚ ਭੋਲੇ-ਭਾਲੇ ਲੋਕਾਂ ਨੂੰ ਦੜਾ-ਸੱਟਾ ਲਗਵਾਉਣ ਦਾ ਲਾਲਚ ਦੇ ਕੇ ਧੋਖਾਧੜੀ ਕਰ ਰਿਹਾ ਸੀ। ਗੁਪਤ ਸੂਚਨਾ ਮਿਲਣ ਉਪਰੰਤ ਪੁਲੀਸ ਪਾਰਟੀ ਨਾਲ ਇਸ ਦੇ ਠਿਕਾਣੇ ’ਤੇ ਛਾਪਾ ਮਾਰ ਕੇ ਕਥਿਤ ਦੋਸ਼ੀ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਸ ਦੀ ਨਿਸ਼ਾਨਦੇਹੀ ’ਤੇ ਵੱਖ-ਵੱਖ ਸ਼ਹਿਰਾਂ ਵਿੱਚ ਦੜੇ ਸੱਟੇ ਦਾ ਧੰਦਾ ਕਰਨ ਵਾਲੇ ਏਜੰਟ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਸੋਨੂੰ ਵਾਸੀ ਪਾਤੜਾਂ, ਕਸ਼ਮੀਰ ਰਾਮ ਵਾਸੀ ਮਲਕਾਣਾ, ਸ਼ਿਵ ਕੁਮਾਰ, ਰਾਜੇਸ਼ ਕੁਮਾਰ, ਦਿਨੇਸ਼ ਫਰੂਟ ਸ਼ਾਪ ਬੱਸ ਸਟੈਂਡ ਸਮਾਣਾ, ਰਾਜੇਸ਼ ਵਾਸੀ ਪਾਤੜਾਂ, ਕੁਲਦੀਪ ਵਾਸੀ ਪਾਤੜਾਂ ਅਤੇ ਕਾਲਾ ਵਾਸੀ ਸੰਗਰੂਰ ਵਜੋਂ ਹੋਈ।