ਖੇਤਰੀ ਪ੍ਰਤੀਨਿਧ
ਪਟਿਆਲਾ, 22 ਨਵੰਬਰ
ਨਗਰ ਨਿਗਮ ਵੱਲੋਂ ‘ਮੇਰਾ ਕੂੜਾ, ਮੇਰੀ ਜ਼ਿੰਮੇਵਾਰੀ’ ਦੇ ਬੈਨਰ ਹੇਠ ਲੋਕਾਂ ਨੂੰ ਜਾਗਰੂਕ ਕਰਨ ਲਈ ਵਿੱਢੀ ਮੁਹਿੰਮ ਦੌਰਾਨ ਮੇਅਰ ਸੰਜੀਵ ਬਿੱਟੂ ਨੇ ਕਿਹਾ ਕਿ ਸ਼ਾਹੀ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਖ਼ਤਮ ਕਰਨ ਲਈ 6.80 ਕਰੋੜ ਰੁਪਏ ਦੀ ਲਾਗਤ ਨਾਲ ਮੁੱਖ ਡੰਪ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ਹਿਰ ਵਿੱਚ ਕੂੜੇ ਦੀ ਠੀਕ ਸੰਭਾਲ ਲਈ ਸੱਤ ਐੱਮਆਰਐੱਫ਼ ਸੈਂਟਰ ਸਥਾਪਤ ਕੀਤੇ ਜਾ ਚੁੱਕੇ ਹਨ। ਇਨ੍ਹਾਂ ਸੈਂਟਰਾਂ ਉੱਤੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਿਆ ਜਾਵੇਗਾ। ਸੁੱਕੇ ਕੂੜੇ ਨੂੰ ਵੇਚ ਕੇ ਰੁਜ਼ਗਾਰ ਦਿੱਤਾ ਜਾਵੇਗਾ, ਜਦਕਿ ਗਿੱਲੇ ਕੂੜੇ ਨਾਲ ਖਾਦ ਤਿਆਰ ਕਰ ਕੇ ਹਰਿਆਲੀ ਵਿੱਚ ਵਾਧਾ ਕੀਤਾ ਜਾਵੇਗਾ।
ਸ਼ਹਿਰ ਦੀਆਂ 30 ਥਾਵਾਂ ਉੱਤੇ 85 ਅੰਡਰ ਗਰਾਊਂਡ ਬਿਨ, 350 ਦੇ ਕਰੀਬ ਟੋਏ ਅਤੇ ਤਿੰਨ ਸੌ ਤੋਂ ਵੱਧ ਟਵਿਨ-ਬਿਨ ਸਥਾਪਤ ਕੀਤੇ ਜਾ ਚੁੱਕੇ ਹਨ।
ਸ੍ਰੀ ਬਿੱਟੂ ਅੱਜ ਆਪਣੀ ਟੀਮ ਸਮੇਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਪਹੁੰਚੇ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਸੰਗਤ ਤੋਂ ਸ਼ਹਿਰ ਨੂੰ ਸਾਫ਼ ਰੱਖਣ ਦੇ ਸਹਿਯੋਗ ਸਮੇਤ ਸੁਝਾਅ ਵੀ ਮੰਗੇ। ਗੁਰਦੁਆਰੇ ਵਿਖੇ ਨਤਮਸਤਕ ਹੋਣ ਮਗਰੋਂ ਮੇਅਰ ਨੇ ਦੱਸਿਆ ਕਿ ਸਵੱਛ ਭਾਰਤ ਅਭਿਆਨ ਵਿੱਚ ਪਟਿਆਲਾ ਦੀ ਰੈਂਕਿੰਗ ਨੂੰ ਬਿਹਤਰ ਬਣਾਉਣ ਲਈ ਸਫ਼ਾਈ ਐਪ ਅਤੇ ਨਿਗਮ ਦੁਆਰਾ ਜਾਰੀ ਕੀਤੇ ਗਏ ਵ੍ਹਟਸ-ਐਪ ਨੰਬਰ ਨੂੰ ਸ਼ਹਿਰ ਦੇ ਹਰੇਕ ਵਿਅਕਤੀ ਤਕ ਪਹੁੰਚਾਇਆ ਜਾ ਰਿਹਾ ਹੈ, ਤਾਂ ਕਿ ਸ਼ਹਿਰ ਦੇ ਲੋਕ ਸਫ਼ਾਈ ਵਿੱਚ ਘਰ ਬੈਠੇ ਹੀ ਸਹਿਯੋਗ ਦੇ ਸਕਣ। ਇਸ ਐਪ ਰਾਹੀਂ ਸ਼ਹਿਰ ਦੇ ਲੋਕ ਸਫ਼ਾਈ ਸਬੰਧੀ ਸ਼ਿਕਾਇਤ ਵੀ ਨਿਗਮ ਕੋਲ ਦੇ ਸਕਣਗੇ।
ਮੇਅਰ ਦਾ ਕਹਿਣਾ ਸੀ ਕਿ ਪਲਾਸਟਿਕ ਦੇ ਲਿਫਾਫੇ ਵਿੱਚ ਬੰਨ੍ਹ ਕੇ ਸੁੱਟਿਆ ਕੂੜਾ ਸੀਵਰੇਜ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਦੀ ਸਫ਼ਾਈ ਲਈ ਹਰੇਕ ਸਾਲ ਨਿਗਮ ਨੂੰ ਕਰੋੜਾਂ ਰੁਪਏ ਖਰਚ ਕਰਨੇ ਪੈ ਰਹੇ ਹਨ। ਗੁਰਦੁਆਰੇ ਵਿੱਚ ਮੱਥਾ ਟੇਕਣ ਆਏ ਮੇਹਰ ਸਿੰਘ, ਅਮਨ, ਅਮਰਜੀਤ ਸਿੰਘ, ਸੁਖਦੇਵ ਸਿੰਘ, ਸੀਮਾ ਗਿੱਲ, ਅਮਰੀਕ ਸਿੰਘ, ਜਸਦੇਵ ਸਿੰਘ ਨੂਗੀ, ਲਵਪ੍ਰੀਤ ਸਿੰਘ ਪ੍ਰੀਤ, ਦਮਨ ਸਿੰਘ ਢਿੱਲੋਂ, ਸਨਮੀਤ ਸਿੰਘ, ਅਵਤਾਰ ਸਿੰਘ, ਗੁਰਤੇਜ ਘੁੰਮਣ, ਪੀ.ਐੱਸ ਗਿਲ ਅਤੇ ਨਛੱਤਰ ਕੌਰ ਨੇ ਮੇਅਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਘਰਾਂ ਵਿੱਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰ ਕੇ ਰੱਖਣਗੇ ਤੇ ਸ਼ਹਿਰ ਦੀ ਸਫ਼ਾਈ ਪ੍ਰਬੰਧ ਵਿੱਚ ਸਹਿਯੋਗ ਵੀ ਦੇਣਗੇ।
ਇਸ ਮੌਕੇ ਗੁਰਦੁਆਰੇ ਦੇ ਮੁੱਖ ਗ੍ਰੰਥੀ ਮੇਅਰ ਨੂੰ ਸਿਰੋਪਾਓ ਵੀ ਭੇਟ ਕੀਤਾ ਗਿਆ। ਇਸ ਦੌਰਾਨ ਮੇਅਰ ਦੇ ਨਾਲ਼ ਸਾਬਕਾ ਕੌਂਸਲਰ ਕੰਵਲਜੀਤ ਸਿੰਘ ਗੋਨਾ, ਨੌਜਵਾਨ ਸਮਾਜ ਸੇਵੀ ਪਰਮਿੰਦਰ ਪਹਿਲਵਾਨ, ਹਰਦੀਪ ਸਿੰਘ ਹੈਰੀ, ਅਮਨ ਸੇਖੋਂ, ਮਨਪ੍ਰੀਤ ਕੌਰ, ਅਜਾਇਬ ਸਿੰਘ ਅਤੇ ਜਸਵਿੰਦਰ ਗਰੇਵਾਲ ਹਾਜ਼ਰ ਸਨ।