ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਜੂਨ
ਸ਼ਹਿਰ ਦੀ ਸਫ਼ਾਈ ’ਤੇ ਹਰ ਮਹੀਨੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਦੇ ਬਾਵਜੂਦ ਸ਼ਹਿਰ ਦੇ ਸਫ਼ਾਈ ਪ੍ਰਬੰਧਾਂ ਵਿੱਚ ਸੁਧਾਰ ਨਹੀਂ ਹੋ ਰਿਹਾ ਹੈ। ਗ਼ੈਰ-ਜ਼ਿੰਮੇਵਾਰ ਨਾਗਰਿਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਮੇਅਰ ਸੰਜੀਵ ਬਿੱਟੂ ਨੇ ਕੌਂਸਲਰਾਂ ਨਾਲ ਮਿਲ ਕੇ ਵਿਲੱਖਣ ਪਹਿਲ ਕੀਤੀ ਹੈ। ਉਨ੍ਹਾਂ ਨੇ ਸਾਈ ਮਾਰਕੀਟ ਵਿੱਚ ਸਥਾਪਤ ਸੈਮੀ ਅੰਡਰਗਰਾਊਂਡ ਬਿਨ ਦੇ ਸਾਹਮਣੇ ਖੜ੍ਹੇ ਹੋ ਕੇ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ।
ਸਲੋਗਨ ਲਿਖੀ ਇੱਕ ਤਖ਼ਤੀ ਹੱਥ ਵਿੱਚ ਫੜ ਕੇ ਮੇਅਰ ਨੇ ਕਿਹਾ ਕਿ ਕੁਝ ਗ਼ੈਰ-ਜ਼ਿੰਮੇਵਾਰ ਨਾਗਰਿਕਾਂ ਕਾਰਨ ਗੰਦਗੀ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨ ਬਣਾਇਆ ਗਿਆ ਹੈ। ਹੁਣ ਸੜਕ ’ਤੇ ਕੂੜਾ ਸੁੱਟਣ ਵਾਲੇ ਨੂੰ ਘੱਟੋ ਘੱਟ ਇਕ ਹਜ਼ਾਰ ਰੁਪਏ ਜੁਰਮਾਨਾ ਦੇਣਾ ਪਏਗਾ। ਇਸੇ ਤਰ੍ਹਾਂ ਕਈ ਹੋਰ ਲਾਪ੍ਰਵਾਹੀਆਂ ਕਰਨ ’ਤੇ ਵੀ ਭਾਰੀ ਜੁਰਮਾਨੇ ਰੱਖੇ ਗਏ ਹਨ, ਜਿਨ੍ਹਾਂ ਨੂੰ ਨਗਰ ਨਿਗਮ ਪਟਿਆਲਾ ਛੇਤੀ ਲਾਗੂ ਕਰਨ ਜਾ ਰਿਹਾ ਹੈ।
ਨਗਰ ਨਿਗਮ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਮੇਅਰ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ’ਤੇ ਹਰ ਮਹੀਨੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ, ਇਸ ਦੇ ਬਾਵਜੂਦ ਕੂੜੇ ਦੇ ਢੇਰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਨਿਗਮ ਦੇ ਸਫ਼ਾਈ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਨਗਰ ਨਿਗਮ ਰੋਜ਼ਾਨਾ 130 ਟਨ ਤੋਂ ਵੱਧ ਕੂੜੇ ਦੀ ਸੰਭਾਲ ਕਰ ਰਿਹਾ ਹੈ, ਪਰ ਲਗਪਗ 10 ਫ਼ੀਸਦ ਲੋਕਾਂ ਦਾ ਸਹੀ ਸਹਿਯੋਗ ਨਾ ਮਿਲਣ ਕਰਕੇ ਸਾਰੇ ਪ੍ਰਬੰਧ ਖੂਹ ਖਾਤੇ ਪੈ ਰਹੇ ਹਨ।
ਇਸ ਮੌਕੇ ਕੌਂਸਲਰ ਅਤੁਲ ਜੋਸ਼ੀ, ਰਾਜੇਸ਼ ਮੰਡੋਰਾ, ਸੰਦੀਪ ਮਲਹੋਤਰਾ, ਨਿਖਿਲ ਬਾਤਿਸ਼ ਸ਼ੇਰੂ, ਯੂਥ ਕਾਂਗਰਸ ਸ਼ਹਿਰੀ ਪ੍ਰਧਾਨ ਅਨੁਜ ਖੋਸਲਾ, ਮੰਗਤ ਰਾਏ, ਰਾਜਿੰਦਰ ਸ਼ਰਮਾ, ਪਵਨ ਢਾਬੀ, ਰਿੱਕੀ ਕਪੂਰ, ਗੋਪੀ ਕਸ਼ਯਪ, ਸੰਜੇ ਸ਼ਰਮਾ ਮੌਜੂਦ ਸਨ।