ਖੇਤਰੀ ਪ੍ਰਤੀਨਿਧ
ਪਟਿਆਲਾ, 26 ਦਸੰਬਰ
ਰਾਤ ਨੂੰ ਸੜਕਾਂ ਕੰਢੇ ਬੈਠਦੇ ਅਤੇ ਸੌਂਦੇ ਬੇਘਰੇ ਲੋਕਾਂ ਨੂੰ ਨਾਈਟ ਸ਼ੈਲਟਰਾਂ ਵਿੱਚ ਪਹੁੰਚਾਉਣ ਲਈ ਨਗਰ ਨਿਗਮ ਨੇ ਟਰੈਫਿਕ ਪੁਲੀਸ ਨਾਲ ਮਿਲ ਕੇ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਸ਼ਾਮੀਂ ਸੱਤ ਵਜੇ ਸ਼ੁਰੂ ਹੋਈ ਇਸ ਮੁਹਿੰਮ ਦੌਰਾਨ ਮਾਲ ਰੋਡ, ਸ਼ੇਰਾਂਵਾਲਾ ਗੇਟ ਅਤੇ ਕਾਲੀ ਮਾਤਾ ਮੰਦਰ ਬਾਹਰੋਂ 6 ਬੱਚੇ, 8 ਔਰਤਾਂ, 5 ਬਜ਼ੁਰਗਾਂ ਸਮੇਤ ਕਈ ਹੋਰ ਬੇਘਰੇ ਲੋਕਾਂ ਨੂੰ ਨਗਰ ਨਿਗਮ ਦੇ ਨਾਈਟ ਸ਼ੈਲਟਰਾਂ ਵਿੱਚ ਪਹੁੰਚਾਇਆ ਗਿਆ।
ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਕਾਰਪੋਰੇਸ਼ਨ ਕਮਿਸ਼ਨਰ ਪੂਨਮਦੀਪ ਕੌਰ ਅਨੁਸਾਰ ਰੋਜ਼ ਗਾਰਡਨ ਅਤੇ ਮੰਦਿਰ ਦੇ ਪਿਛਲੇ ਪਾਸੇ ਬਣੇ ਨਾਈਟ ਸ਼ੈਲਟਰਾਂ ਤੋਂ ਬਿਨਾਂ ਨਿਗਮ ਨੇ ਖੰਡਾ ਚੌਕ ਅਤੇ ਸ਼ੇਰਾਂ ਵਾਲਾ ਗੇਟ ਕੋਲ਼ ਵੀ ਦੋ ਆਰਜ਼ੀ ਨਾਈਟ ਸ਼ੈਲਟਰ ਤਿਆਰ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਰੋਨਾ ਮਹਾਮਾਰੀ ਅਤੇ ਹੱਡ ਚੀਰਵੀਂ ਸਰਦੀ ਦੌਰਾਨ ਕੋਈ ਵੀ ਬੇਘਰ ਵਿਅਕਤੀ ਸੜਕ ਕੰਢੇ ਰਹਿ ਕੇ ਆਪਣੀ ਜਾਨ ਜੋਖਮ ਵਿੱਚ ਨਾ ਪਾਵੇ। ਇਸ ਤਹਿਤ ਇਹ ਮੁਹਿੰਮ ਚਲਾਈ ਗਈ ਹੈ।
ਇਸ ਦੌਰਾਨ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਅਭਿਸ਼ੇਕ ਗੁਪਤਾ ਨੇ ਦੀ ਰਾਤ ਨੂੰ ਟਰੈਫਿਕ ਪੁਲੀਸ ਦੇ ਡੀਐੱਸਪੀ ਅੱਛਰੂ ਸ਼ਰਮਾ ਅਤੇ ਹੋਰ ਅਧਿਕਾਰੀਆਂ ਨਾਲ ਮਿਲ ਕੇ ਬੇਘਰੇ ਲੋਕਾਂ ਨੂੰ ਰਾਤ ਦੇ ਪਨਾਹਗਾਹਾਂ ਤੱਕ ਲੈ ਕੇ ਜਾਣ ਦੀ ਕਾਰਵਾਈ ਕੀਤੀ। ਹਾਲਾਂ ਕਿ ਅਜਿਹੇ ਕੁਝ ਵਿਅਕਤੀ ਨਾਈਟ ਸ਼ੈਲਟਰਾਂ ਵਿੱਚ ਜਾਣ ਲਈ ਤਿਆਰ ਨਹੀਂ ਸਨ ਪਰ ਟੀਮਾਂ ਦੇ ਸਮਝਾਏ ਜਾਣ ਮਗਰੋਂ ਇਹ ਲੋਕ ਨਾਈਟ ਸ਼ੈੈਲਟਰਾਂ ਵਿਚ ਜਾਣ ਲਈ ਸਹਿਮਤ ਹੋ ਗਏ। ਮੇਅਰ ਅਤੇ ਕਾਰਪੋਰੇਸ਼ਨ ਕਮਿਸ਼ਨਰ ਨੇ ਦੱਸਿਆ ਕਿ ਪਾਵਰ ਹਾਊਸ ਯੂਥ ਕਲੱਬ ਵਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਅਨੁਸਾਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਇਸ ਵੇਲੇ ਚਾਰ ਸੌ ਤੋਂ ਵੱਧ ਲੋਕ ਬੇਘਰ ਹਨ।