ਪਟਿਆਲਾ (ਗੁਰਨਾਮ ਸਿੰਘ ਅਕੀਦਾ) ਪਟਿਆਲਾ ਪੁਲੀਸ ਨੇ ਪਿਛਲੇ ਦਿਨੀਂ ਭਾਦਸੋਂ ਇਲਾਕੇ ’ਚ ਵਿਦੇਸ਼ ਵੱਸਦੇ ਵਿਅਕਤੀ ਦੀ ਮਾਤਾ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਐੱਸਐੱਸਪੀ ਪਟਿਆਲਾ ਹਰਚਰਨ ਸਿੰਘ ਭੁੱਲਰ ਨੇ ਮੀਡੀਆ ਨੂੰ ਦੱਸਿਆ ਕਿ 21 ਨਵਬੰਰ 2021 ਨੂੰ ਪਿੰਡ ਪੇਧਨ ’ਚ ਅਮਰਜੀਤ ਕੌਰ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ 3 ਵਿਅਕਤੀਆਂ, ਗੋਰਖ ਨਾਥ ਉਰਫ ਗੋਰਾ, ਡਿੰਪਲ ਕੁਮਾਰ ਵਾਸੀਆਨ ਪਿੰਡ ਪੇਧਨ ਤੇ ਪੁਸ਼ਪਿੰਦਰਪਾਲ ਵਾਸੀ ਪਿੰਡ ਸ਼ਾਮਲਾ ਤਹਿਸੀਲ ਨਾਭਾ ਨੂੰ ਕਾਬੂ ਕੀਤਾ ਹੈ। ਸ੍ਰੀ ਭੁੱਲਰ ਨੇ ਦੱਸਿਆ ਕਿ ਐੱਸਪੀ ਜਾਂਚ ਡਾ. ਮਹਿਤਾਬ ਸਿੰਘ, ਤੇ ਡੀਐੱਸਪੀ ਜਾਂਚ ਅਜੈਪਾਲ ਸਿੰਘ ਤੇ ਡੀਐੱਸਪੀ ਨਾਭਾ ਰਾਜੇਸ਼ ਛਿੱਬਰ ਦੀ ਨਿਗਰਾਨੀ ਹੇਠ ਸੀਆਈਏ ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਥਾਣਾ ਭਾਦਸੋਂ ਦੇ ਮੁਖੀ ਸੁਖਦੇਵ ਸਿੰਘ ਦੀਆਂ ਟੀਮਾਂ ਨੇ ਮਾਮਲੇ ਨੂੰ ਹੱਲ ਕੀਤਾ। ਉਨ੍ਹਾਂ ਦੱਸਿਆ ਕਿ 25 ਨਵੰਬਰ ਨੂੰ ਹਰਪ੍ਰੀਤ ਸਿੰਘ ਵਾਸੀ ਪਿੰਡ ਪੇਧਨ ਥਾਣਾ ਭਾਦਸੋਂ, ਜੋ 2005 ਤੋਂ ਕੈਨੇਡਾ ਰਹਿੰਦਾ ਹੈ, ਨੇ ਪੁਲੀਸ ਕੋਲ ਬਿਆਨ ਲਿਖਵਾਇਆ ਸੀ ਕਿ ਉਸਦੀ ਮਾਤਾ ਅਮਰਜੀਤ ਕੌਰ ਦੀ 21 ਨਵੰਬਰ ਨੂੰ ਮੌਤ ਦੀ ਇਤਲਾਹ ਮਿਲੀ ਹੈ। ਪੁਲੀਸ ਨੇ ਧਾਰਾ 302 ਤਹਿਤ ਥਾਣਾ ਭਾਦਸੋਂ ਵਿੱਚ ਦਰਜ ਕੀਤਾ। ਸ੍ਰੀ ਭੁੱਲਰ ਨੇ ਦੱਸਿਆ ਕਿ 21 ਨਵੰਬਰ ਨੂੰ ਪਿੰਡ ਪੇਧਨ ’ਚ ਸਾਜਿਸ਼ ਅਧੀਨ ਗੋਰਖ ਨਾਥ ਉਰਫ ਗੋਰਾ, ਮ੍ਰਿਤਕਾ ਦੀ 21 ਕਿੱਲੇ ਜਮੀਨ ਠੇਕੇ ’ਤੇ ਵਾਹੁੰਦਾ ਸੀ, ਨੇ ਰੌਲਾ ਪਾਇਆ ਕਿ ਅਮਰਜੀਤ ਕੌਰ ਦੀ ਮੌਤ ਪਰਦਾ ਠੀਕ ਕਰਨ ਸਮੇਂ ਡਿੱਗ ਕੇ ਸਿਲਾਈ ਮਸ਼ੀਨ ਸਿਰ ’ਚ ਵੱਜਣ ਕਾਰਨ ਹੋਈ ਹੈ। ਜਾਂਚ ਅਨੁਸਾਰ ਮ੍ਰਿਤਕਾ ਅਮਰਜੀਤ ਕੌਰ ਘਰ ’ਚ ਇਕੱਲੀ ਰਹਿੰਦੀ ਸੀ। ਇਸਦੇ 2 ਲੜਕੇ ਸਨ। ਇੱਕ ਲੜਕੇ ਜਸਪ੍ਰੀਤ ਸਿੰਘ ਦੀ 2000 ’ਚ ਐਕਸੀਡੈਟ ਕਾਰਨ ਮੌਤ ਹੋ ਚੁੱਕੀ ਸੀ ਤੇ ਹਰਪ੍ਰੀਤ ਸਿੰਘ 2005 ਤੋਂ ਆਪਣੇ ਪਰਿਵਾਰ ਨਾਲ ਕੈਨੇਡਾ ਰਹਿ ਰਿਹਾ ਹੈ। ਮ੍ਰਿਤਕਾ ਦੀ ਜ਼ਮੀਨ ਠੇਕੇ ’ਤੇ ਵਾਹੁਣ ਵਾਲੇ ਗੋਰਖ ਨਾਥ ਨੇ ਅਮਰਜੀਤ ਕੌਰ ਦਾ ਏਟੀਐੱਮ ਕਾਰਡ ਚੋਰੀ ਕਰਕੇ ਡਿੰਪਲ ਤੇ ਉਸ ਨੇ ਇੱਕ ਮਹੀਨੇ ’ਚ ਵੱਖ ਵੱਖ ਥਾਵਾਂ ਤੋਂ ਢਾਈ ਲੱਖ ਰੁਪਏ ਵੀ ਕਢਵਾ ਲਏ ਤੇ ਹੁਣ ਇਨ੍ਹਾਂ ਨੂੰ ਡਰ ਸੀ ਕਿ ਅਮਰਜੀਤ ਕੌਰ ਨੂੰ ਇਸ ਬਾਰੇ ਪਤਾ ਲੱਗ ਜਾਵੇਗਾ ਜਿਸ ’ਤੇ ਗੋਰਖ ਨਾਥ ਨੇ ਅਮਰਜੀਤ ਕੌਰ ਦਾ 21 ਨਵੰਬਰ ਨੂੰ ਡਿੰਪਲ ਕੁਮਾਰ ਤੇ ਪੁਸ਼ਪਿੰਦਰਪਾਲ ਨੇ ਕਤਲ ਕਰ ਦਿੱਤਾ ਸੀ।