ਅਸ਼ਵਨੀ ਗਰਗ
ਸਮਾਣਾ, 24 ਨਵੰਬਰ
ਇੱਥੋਂ ਦੇ ਪਿੰਡ ਕੁਲਾਰਾਂ ਵਿੱਚ ਵਿਆਹੁਤਾ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਮਾਪਿਆਂ ਨੇ ਮ੍ਰਿਤਕਾ ਦੇ ਪਤੀ ਅਤੇ ਹੋਰ ਪਰਿਵਾਰਕ ਮੈਂਬਰਾਂ ’ਤੇ ਕੁੱਟਮਾਰ ਕਰਨ ਅਤੇ ਗਲਾ ਘੁੱਟ ਕੇ ਜਾਨੋਂ ਮਾਰਨ ਦੇ ਦੋਸ਼ ਲਗਾਏ ਹਨ ਜਦੋਂਕਿ ਉਸ ਦੇ ਸਹੁਰਾ ਪਰਿਵਾਰ ਵੱਲੋਂ ਮੌਤ ਹਾਰਟ ਅਟੈਕ ਕਾਰਨ ਹੋਣ ਦੀ ਗੱਲ ਆਖੀ ਜਾ ਰਹੀ ਹੈ। ਪੁਲੀਸ ਨੇ ਫਿ਼ਲਹਾਲ ਮਾਮਲੇ ਚ ਧਾਰਾ 174 ਦੀ ਕਾਰਵਾਈ ਕੀਤੀ ਹੈ ਤੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮਾਮਲੇ ’ਚ ਬਣਦੀ ਕਾਰਵਾਈ ਕਰਨ ਦਾ ਗੱਲ ਆਖੀ ਹੈ।
ਸਿਵਲ ਹਸਪਤਾਲ ’ਚ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਆਏ ਮ੍ਰਿਤਕਾ ਦੇ ਪਿਤਾ ਮਿੱਠੂ ਸਿੰਘ ਵਾਸੀ ਜਾਖਲ ਨੇ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਉਨ੍ਹਾਂ ਆਪਣੀ ਲੜਕੀ ਹਰਪ੍ਰੀਤ ਕੌਰ ਦਾ ਵਿਆਹ ਕੁਲਾਰਾ ਵਾਸੀ ਕੁਲਦੀਪ ਸਿੰਘ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਤੋਂ ਹੀ ਉਹ ਦਾਜ ਲਈ ਉਸ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕਈ ਵਾਰ ਕੁਲਦੀਪ ਸਿੰਘ ਨੂੰ ਸਮਝਾਇਆ ਪ੍ਰੰਤੂ ਕੁਝ ਦਿਨਾਂ ਬਾਅਦ ਉਹ ਫਿ਼ਰ ਮਾਰਕੁੱਟ ਕਰਨ ਲੱਗ ਜਾਂਦਾ ਸੀ। ਮ੍ਰਿਤਕਾ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਰੀਬ ਹਫ਼ਤਾ ਪਹਿਲਾਂ ਹਰਪ੍ਰੀਤ ਕੌਰ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਕੁਲਦੀਪ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਤੇ ਭਤੀਜੇ ਦੇ ਵਿਆਹ ਵਿੱਚ ਆਉਣ ਲਈ 50 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਹੈ।
ਉਸ ਨੇ ਦੱਸਿਆ ਕਿ ਅੱਜ ਸਵੇਰੇ ਹਰਪ੍ਰੀਤ ਦੇ ਸਹੁਰਾ ਪਰਿਵਾਰ ਵਿੱਚੋਂ ਫੋਨ ਆਇਆ ਕਿ ਹਰਪ੍ਰੀਤ ਨੂੰ ਹਾਰਟ ਅਟੈਕ ਆ ਗਿਆ ਹੈ। ਜਦੋਂ ਉਨ੍ਹਾਂ ਇੱਥੇ ਹਸਪਤਾਲ ’ਚ ਆ ਕੇ ਹਰਪ੍ਰੀਤ ਕੌਰ ਦੀ ਲਾਸ਼ ਦੇਖੀ ਤਾਂ ਉਸ ਦੇ ਸ਼ਰੀਰ ’ਤੇ ਮਾਰੁਕੁੱਟ ਦੇ ਨਿਸ਼ਾਨ ਸਨ ਤੇ ਗਲੇ ’ਤੇ ਵੀ ਕਾਲੇ ਨਿਸ਼ਾਨ ਸਨ। ਉਨ੍ਹਾਂ ਕਿਹਾ ਕਿ ਹਰਪ੍ਰੀਤ ਕੌਰ ਨੂੰ ਉਸਦੇ ਪਤੀ ਅਤੇ ਪਰਿਵਾਰ ਦੇ ਦੂਜੇ ਮੈਂਬਰਾਂ ਵੱਲੋਂ ਪਹਿਲਾਂ ਮਾਰਕੁੱਟ ਕੀਤੀ ਗਈ ਤੇ ਬਾਅਦ ਵਿੱਚ ਗਲਾ ਘੁੱਟ ਕੇ ਮਾਰ ਦਿੱਤਾ।
ਮਵੀ ਪੁਲੀਸ ਚੌਕੀ ਦੇ ਇੰਚਾਰਜ ਹਰਦੀਪ ਸਿੰਘ ਵਿਰਕ ਨੇ ਕਿਹਾ ਕਿ ਫਿਲਹਾਲ ਮਾਮਲੇ ’ਚ ਧਾਰਾ 174 ਦੀ ਕਾਰਵਾਈ ਕੀਤੀ ਹੈ। ਪੋਸਟਮਾਰਟ ਦੀ ਰਿਪੋਰਟ ਆਉਣ ਤੋਂ ਬਾਅਦ ਮਾਮਲੇ ’ਚ ਅਗਲੇਰੀ ਕਾਰਵਾਈ ਕੀਤੀ ਜਾਵੇਗੀ।