ਪੱਤਰ ਪ੍ਰੇਰਕ
ਪਾਤੜਾਂ, 25 ਸਤੰਬਰ
ਨੰਬੜਦਾਰ ਯੂਨੀਅਨ ਬਲਾਕ ਪਾਤੜਾਂ ਦੀ ਮੀਟਿੰਗ ਜਥੇਬੰਦੀ ਦੇ ਬਲਾਕ ਪ੍ਰਧਾਨ ਧਿਆਨ ਸਿੰਘ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਪਾਤੜਾਂ ਵਿਚ ਹੋਈ। ਇਸ ਵਿੱਚ ਲੰਬੇ ਸਮੇਂ ਤੋਂ ਨੰਬਰਦਾਰਾਂ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਪਾਸ ਕੀਤੇ ਮਤੇ ਰਾਹੀਂ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਨੰਬਰਦਾਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦਾ ਹੱਲ ਕਰਨ ਦੀ ਮੰਗ ਕੀਤੀ ਗਈ। ਨੰਬਰਦਾਰ ਗੁਰਮੇਜ ਸਿੰਘ ਕੂਆਡੇਰੀ ਨੇ ਦੱਸਿਆ ਕਿ ਸੂਬੇ ਦੇ ਮਾਲ ਵਿਚ ਨੰਬਰਦਾਰਾਂ ਦੀ ਅਹਿਮ ਭੂਮਿਕਾ ਰਹੀ ਹੈ ਪਰ ਕਦੇ ਕਿਸੇ ਵੀ ਸਰਕਾਰ ਨੇ ਨੰਬਰਦਾਰਾਂ ਦੀਆਂ ਮੁਸ਼ਕਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਨੰਬਰਦਾਰ ਯੂਨੀਅਨ ਪੰਜਾਬ ਸਰਕਾਰ ਤੋਂ ਨੰਬਰਦਾਰਾਂ ਨੂੰ ਮਿਲਣ ਵਾਲਾ ਮਾਣ ਭੱਤਾ ਪੰਦਰਾਂ ਸੌ ਤੋਂ ਵਧਾ ਕੇ ਘੱਟੋ ਘੱਟ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਦੇ ਨਾਲ ਨਾਲ ਕਿਸੇ ਵੀ ਪਿੰਡ ਦੇ ਨੰਬਰਦਾਰ ਦੀ ਮੌਤ ਹੋ ਜਾਣ ਦੀ ਸੂਰਤ ਵਿੱਚ ਉਸ ਦੇ ਪੁੱਤਰ ਨੂੰ ਨੰਬਰਦਾਰ ਬਣਾਉਣ ਤੇ ਹੋਰ ਮੰਗਾਂ ਦੀ ਮੰਗ ਕਰਦੀ ਹੈ।