ਜੈਸਮੀਨ ਭਾਰਦਵਾਜ
ਨਾਭਾ, 7 ਜਨਵਰੀ
ਸਾਲ 2017 ਵਿਚ ਪੰਜ ਮਰਲਾ ਪਲਾਟ ਅਲਾਟ ਕਰ ਕੇ ਸਨਦਾਂ ਤੱਕ ਤਿਆਰ ਹੋਣ ਦੇ ਬਾਵਜੂਦ, ਨਾਭਾ ਨੇੜਲੇ ਪਿੰਡ ਹਿਆਣਾ ਕਲਾਂ ਦੇ 55 ਬੇਘਰੇ ਪਰਿਵਾਰਾਂ ਨੂੰ ਘਰ ਨਹੀਂ ਦਿੱਤੇ ਗਏ। ਹੁਣ ਚੋਣਾਂ ਤੋਂ ਇਕਦਮ ਪਹਿਲਾਂ ਇਹ ਪਲਾਟ ਲਾਭਪਾਤਰੀਆਂ ਦੇ ਸਪੁਰਦ ਕੀਤੇ ਗਏ ਹਨ। ਇਨ੍ਹਾਂ ਪਲਾਟਾਂ ਦੀ ਸਨਦਾਂ ਉੱਪਰ ਤਾਰੀਖ ਚਾਰ ਜਨਵਰੀ 2017 ਦੀ ਹੈ। ਇਸ ਦੇ ਨਾਲ ਇਹ ਸ਼ਰਤ ਵੀ ਲਿਖੀ ਗਈ ਹੈ ਕਿ ਜੇ ਤਿੰਨ ਸਾਲ ਅੰਦਰ ਮਕਾਨ ਦੀ ਉਸਾਰੀ ਨਾ ਮੁਕੰਮਲ ਕੀਤੀ ਗਈ ਤਾਂ ਪਲਾਟ ਵਾਪਸ ਲੈ ਲਿਆ ਜਾਵੇਗਾ। ਲਾਭਪਾਤਰੀਆਂ ਨੂੰ ਡਰ ਹੈ ਕਿ ਚੋਣਾਂ ਪਿੱਛੋਂ ਇਹ ਪਲਾਟ ਖੋਹੇ ਜਾ ਸਕਦੇ ਹਨ।
ਲਾਭਪਾਤਰੀ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਸਾਲਾਂ ਤੋਂ ਘਰ ਲਈ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਨੇ ਹੁਣ ਸੰਘਰਸ਼ ਕਰ ਕੇ ਪਲਾਟ ਹਾਸਲ ਕੀਤੇ ਤਾਂ ਪ੍ਰਸ਼ਾਸਨ ਨੇ ਸਨਦਾਂ ਵੰਡਣ ਪਿੱਛੋਂ ਕੈਬਨਿਟ ਮੰਤਰੀ ਦੇ ਪੁੱਤਰ ਨਾਲ ਉਨ੍ਹਾਂ ਦੀਆਂ ਤਸਵੀਰਾਂ ਖਿੱਚੀਆਂ। ਉਨ੍ਹਾਂ ਨੇ ਜਦੋਂ ਘਰ ਆ ਕੇ ਤਾਰੀਖ ਅਤੇ ਸ਼ਰਤਾਂ ਪੜ੍ਹੀਆਂ ਤਾਂ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਲਾਭਪਾਤਰੀਆਂ ਨੇ ਦੱਸਿਆ ਕਿ ਪਹਿਲਾਂ ਸਾਲਾਂ ਬੱਧੀ ਤਰਸਾ ਕੇ ਅਕਾਲੀ ਭਾਜਪਾ ਸਰਕਾਰ ਨੇ ਬਿਲਕੁਲ ਚੋਣਾਂ ਦੇ ਨਜ਼ਦੀਕ ਆ ਕੇ ਹੀ ਪਲਾਟ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਾਈ, ਤੇ ਹੁਣ 2017 ’ਚ ਕੱਟੀਆਂ ਸਨਦਾਂ ਦੇ ਕੇ ਉਨ੍ਹਾਂ ਨੂੰ ਪਲਾਟ ਤਾਂ ਦੇ ਦਿੱਤੇ ਪਰ ਉਨ੍ਹਾਂ ਛੱਤ ਰਸੂਖ਼ਦਾਰਾਂ ਦੇ ਹੱਥਾਂ ’ਚ ਦੇ ਦਿੱਤੀ।
ਜ਼ਿਕਰਯੋਗ ਹੈ ਕਿ 2017 ਵਿੱਚ ਇਹ ਪਿੰਡ ਨਾਭਾ ਬਲਾਕ ਵਿਚ ਸੀ। ਹੁਣ ਬਲਾਕ ਪਟਿਆਲਾ ਦਿਹਾਤੀ ਵਿਚ ਆ ਚੁੱਕੇ ਇਸ ਪਿੰਡ ਦੇ ਬੇਘਰਿਆਂ ਨੂੰ ਮਿਲੀਆਂ ਸਨਦਾਂ ਉੱਪਰ ਮੋਹਰ ਵੀ ਨਾਭਾ ਬੀਡੀਪੀਓ ਦੀ ਹੈ, ਪਟਿਆਲਾ ਦਿਹਾਤੀ ਬੀਡੀਪੀਓ ਦੀ ਨਹੀਂ।
ਸਨਦ ਵੰਡੇ ਜਾਣ ਤੋਂ ਮਿਆਦ ਸ਼ੁਰੂ ਹੋਵੇਗੀ: ਬੀਡੀਪੀਓ
ਪਟਿਆਲਾ ਦਿਹਾਤੀ ਬੀਡੀਪੀਓ ਰਜਨੀਸ਼ ਗਰਗ ਨੇ ਦੱਸਿਆ ਕਿ ਸੰਨਦ ਉੱਪਰ ਅੱਜ ਦੀ ਤਾਰੀਖ਼ ਹੋਵੇ ਚਾਹੇ ਨਾ, ਸੰਨਦ ਵੰਡੇ ਜਾਣ ਦੀ ਤਾਰੀਖ਼ ਤੋਂ ਤਿੰਨ ਸਾਲ ਸ਼ੁਰੂ ਹੋਣਗੇ। ਪੰਜ ਸਾਲ ਸੰਨਦਾਂ ਦੱਬ ਕੇ ਰੱਖਣ ਦੇ ਮਾਮਲੇ ’ਤੇ ਉਨ੍ਹਾਂ ਕਿਹਾ ਕਿ ਉਹ ਇਸ ਨਵੇਂ ਬਣੇ ਬਲਾਕ ਵਿਚ ਬੀਡੀਪੀਓ ਦੀ ਸੀਟ ’ਤੇ ਨਵੇਂ ਹੀ ਆਏ ਹਨ।