ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਮਈ
ਜ਼ੀਰਕਪੁਰ ਬਠਿੰਡਾ ਨੈਸ਼ਨਲ ਹਾਈਵੇਅ ’ਤੇ ਸਥਿਤ ਧਰੇੜੀ ਜੱਟਾਂ ਪਿੰਡ ਕੋਲ਼ ਲੱਗੇ ਟੌਲ ਪਲਾਜ਼ਾ ’ਤੇ ਅੱਜ ਨਵੀਂ ਆਈ ਪ੍ਰ੍ਰਬੰਧਕੀ ਕੰਪਨੀ ਵੱਲੋਂ ਪਿਛਲੀ ਕੰਪਨੀ ਨਾਲ ਹੋਏ ਸਮਝੌਤੇ ਦੇ ਉਲਟ ਟੌਲ ਨੇੜੇ ਪੈਂਦੇ ਦੋ ਦਰਜਨ ਪਿੰਡਾਂ ਦੇੇੇ ਵਾਸੀਆਂ ਦੀਆਂ ਪਰਚੀਆਂ ਕੱਟਣੀ ਸ਼ੁਰੂ ਕਰ ਦਿੱਤੀਆਂ। ਇਸ ਦਾ ਵਿਰੋਧ ਕਰਦਿਆਂ, ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਵੱਖ ਵੱਖ ਕਿਸਾਨ ਯੂਨੀਅਨਾ ਦੀ ਮਦਦ ਨਾਲ਼ ਅੱਜ ਦੂਜੇ ਦਿਨ ਵੀ ਧਰਨਾ ਲਾ ਕੇ ਇਸ ਟੌਲ ਪਲਾਜ਼ੇ ’ਤੇ ਕਿਸੇ ਵੀ ਵਾਹਨ ਦੀ ਪਰਚੀ ਨਹੀਂ ਕੱਟਣ ਦਿੱਤੀ। ਇਸ ਨਾਲ ਕੰਪਨੀ ਨੂੰ ਚੋਖਾ ਵਿੱਤੀ ਨੁਕਸਾਨ ਹੋਇਆ। ਇਸ ਦੇ ਬਾਵਜੂਦ ਵੀ ਕੰਪਨੀ ਦੇ ਪ੍ਰਬੰਧਕ ਲੋਕਾਂ ਦੀ ਇਹ ਮੰਗ ਮੰਨਣ ਲਈ ਨਹੀਂ ਝੁਕੇ। ਉਹ 25 ਪਿੰਡਾਂ ਦੀ ਥਾਂ ਮੇਜ਼ਬਾਨ ਧਰੇੜੀ ਜੱਟਾਂ ਸਣੇ ਇਸ ਦੇ ਨਾਲ ਲੱਗਦੇ ਅੱਧੀ ਦਰਜਨ ਪਿੰਡਾਂ ਦੇ ਵਾਸੀਆਂ ਲਈ ਹੀ ਅਜਿਹੀ ਸੁਵਿਧਾ ਦੇਣ ਦੀ ਗੱਲ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਇਹ ਟੌਲ ਪਲਾਜ਼ਾ ਪਟਿਆਲਾ ਤੋਂ ਪੰਦਰਾਂ ਕੁ ਕਿਲੋਮੀਟਰ ਰਾਜਪੁਰਾ ਰੋਡ ’ਤੇ ਸਥਿਤ ਹੈ, ਜੋ ਕਿਸਾਨ ਸੰਘਰਸ਼ ਦੌਰਾਨ ਸਵਾ ਸਾਲ ਬੰਦ ਰਿਹਾ। ਇਥੋਂ ਧਰਨਾ ਚੁੱਕਣ ਮੌਕੇ ਕਿਸਾਨਾਂ ਅਤੇ ਪਿਛਲੀ ਕੰਪਨੀ ਦਰਮਿਆਨ ਇਲਾਕੇ ਦੇ ਪੰਜ ਕਿੱਲੋਮੀਟਰ ਦੇ ਘੇਰੇ ’ਚ ਪੈਂਦੇ ਦੋ ਦਰਜਨ ਦੇ ਕਰੀਬ ਪਿੰਡਾਂ ਦੇ ਵਾਸੀਆਂ ਦੀ ਇਥੋਂ ਦੀ ਲੰਘਣ ਮੌਕੇ ਪਰਚੀ ਨਾ ਕੱਟਣ ’ਤੇ ਆਪਸੀ ਸਹਿਮਤੀ ਬਣੀ ਸੀ। ਹੁਣ ਕੰਪਨੀ ਬਦਲ ਗਈ ਹੈ। ਨਵੀਂ ਕੰਪਨੀ ਵੱਲੋਂ ਸਿਰਫ਼ ਧਰੇੜੀ ਜੱਟਾਂ, ਜਿਥੇ ਇਹ ਟੌਲ ਪਲਾਜ਼ਾ ਲੱਗਿਆ ਹੈ ਦੇ ਨਾਗਰਿਕਾਂ ਨੂੰ ਹੀ ਪਰਚੀ ਰਹਿਤ ਸੁਵਿਧਾ ਦਿੱਤੀ ਜਾ ਰਹੀ ਹੈ। ਭਾਵੇਂ ਕਿ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ, ਪਰ ਕੰਪਨੀ ਨੇੜਲੇ ਅੱਧੀ ਦਰਜਨ ਪਿੰਡਾਂ ਨੂੰ ਇਹ ਸੁਵਿਧਾ ਦੇਣ ਲਈ ਰਾਜ਼ੀ ਹੋ ਗਈ ਸੀ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਵਾਲੇ 25 ਪਿੰਡਾਂ ਨੂੰ ਹੀ ਸੁਵਿਧਾ ਪ੍ਰਦਾਨ ਕੀਤੀ ਜਾਵੇ। ਇਸ ਮੰਗ ਨੂੰ ਲੈ ਕੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਸ਼ੁੱਕਰਵਾਰ ਦੁਪਹਿਰ ਨੂੰ ਇਥੇ ਧਰਨਾ ਮਾਰ ਕੇ ਪਰਚੀਆਂ ਕੱਟਣ ਦਾ ਸਾਰਾ ਹੀ ਕੰਮ ਬੰਦ ਕਰਵਾ ਦਿਤਾ। ਕੱਲ੍ਹ ਸ਼ੁਰੂ ਹੋਇਆ ਇਹ ਧਰਨਾ ਰਾਤ ਅਤੇ ਅੱਜ ਸਾਰਾ ਦਿਨ ਵੀ ਚੱਲਦਾ ਰਿਹਾ ਤੇ ਸ਼ਨਿਚਰਵਾਰ ਨੂੰ ਵੀ ਰਾਤ ਤੱਕ ਜਾਰੀ ਸੀ। ਨਵੀਂ ਕੰਪਨੀ ਵਾਲੇ ਪਿਛਲੀ ਕੰਪਨੀ ਦੇ ਫੈਸਲੇ ਉਨ੍ਹਾਂ ’ਤੇ ਥੌਪਣ ਦੀ ਕਾਰਵਾਈ ਨੂੰ ਗੈਰਵਾਜਬ ਠਹਿਰਾ ਰਹੇ ਹਨ । ਇਸ ਵਿਵਾਦ ਦੇ ਹੱਲ ਲਈ ਅੱਜ ਦਿਨ ਭਰ ਅਧਿਕਾਰੀ ਸਰਗਰਮ ਰਹੇ ਪਰ ਦੋਵੇਂ ਧਿਰਾਂ ਆਪੋ ਆਪਣੇ ਪੱਖ ’ਤੇ ਅੜੀਆਂ ਹੋਈਆਂ ਹਨ। ਕੰਪਨੀ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਜੇ ਕੋਈ ਵੀ ਅਥਾਰਟੀ ਉਨ੍ਹਾਂ ਨੂੰ ਗਲਤ ਸਿੱਧ ਕਰ ਦੇਵੇ, ਤਾਂ ਉਹ 25 ਤੋਂ ਵੀ ਵੱਧ ਪਿੰਡਾਂ ਨੂੰ ਇਹ ਸੁਵਿਧਾ ਦੇਣ ਲਈ ਤਿਆਰ ਹੋ ਜਾਣਗੇ। ਉਧਰ ਲੋਕ ਵੀ ਆਪਣੀ ਜਿੱਦ ’ਤੇ ਅੜੇ ਹੋਏ ਹਨ। ਇਸ ਮੌਕੇ ਸਵਰਨ ਧਰੇੜੀ, ਗਿਆਨ ਰਾਏਪੁਰ, ਮਨਜੀਤ ਕੌਲੀ, ਮੱਖਣ ਦੌਣਾਂ, ਜਸਵਿੰਦਰ ਕੌਰ ਦੌਣ, ਰਾਜਿੰਦਰ ਕੌਰ ਦੌਣ ਸਮੇਤ ਕਈ ਹੋਰ ਕਿਸਾਨ ਆਗੂ ਵੀ ਮੌਜੂਦ ਸਨ। ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਮੰਗ ਦੀ ਪੂਰਤੀ ਤੱਕ ਇਹ ਧਰਨਾ ਜਾਰੀ ਰੱਖਣਗੇ।