ਗੁਰਨਾਮ ਸਿੰਘ ਚੌਹਾਨ
ਪਾਤੜਾਂ, 27 ਫ਼ਰਵਰੀ
ਹਰਿਆਣਾ ਸਰਹੱਦ ਉੱਤੇ ਪੈਂਦਾ ਪੰਜਾਬ ਦਾ ਅਖੀਰਲਾ ਵਿਧਾਨ ਸਭਾ ਹਲਕਾ ਸ਼ੁਤਰਾਣਾ ਹਮੇਸ਼ਾ ਸਰਕਾਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਰਿਹਾ ਹੈ। ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਪਰ ਕਦੇ ਕਿਸੇ ਸਰਕਾਰ ਨੇ ਇਸ ਹਲਕੇ ਦੀਆਂ ਮੁਸ਼ਕਲਾਂ ਵੱਲ ਧਿਆਨ ਨਹੀਂ ਦਿੱਤਾ। ਸ਼ਹਿਰ ਵਿੱਚ ਬਣੀ ਅਨਾਜ ਮੰਡੀ ਦੇ ਛੋਟੀ ਹੋਣ ਕਰਨ ਕਿਸਾਨਾਂ ਦੀ ਫ਼ਸਲ ਗਲੀਆਂ ਵਿੱਚ ਰੁਲਦੀ ਹੈ। ਦੋ ਦਹਾਕਿਆਂ ਤੋਂ ਅਨਾਜ ਮੰਡੀ ਦਾ ਮਸਲਾ ਜਿਉਂ ਦਾ ਤਿਉਂ ਹੈ।
ਮੰਡੀ ਬੋਰਡ ਪੰਜਾਬ ਨੇ 1962 ’ਚ ਸ਼ਹਿਰ ਦੇ ਬਾਹਰਵਾਰ 25 ਏਕੜ ਜ਼ਮੀਨ ਵਿੱਚ ਅਨਾਜ ਮੰਡੀ ਬਣਾਈ ਸੀ ਪਰ ਫ਼ਸਲ ਜ਼ਿਆਦਾ ਆਉਣ ਕਾਰਨ ਨੱਬੇ ਦੇ ਦਹਾਕੇ ਵਿੱਚ 5 ਏਕੜ ਹੋਰ ਜ਼ਮੀਨ ਵਿੱਚ ਮੰਡੀ ਬਣਾਈ ਗਈ। ਪਿਛਲੇ ਕੁਝ ਸਮੇਂ ਤੋਂ ਪਾਤੜਾਂ ’ਚ ਬਾਸਮਤੀ ਨਾਲ ਸਬੰਧਤ ਕਈ ਸੇਲਾ ਪਲਾਂਟ ਲੱਗਣ ਕਰਕੇ ਨਾ ਸਿਰਫ਼ ਬਾਹਰਲੇ ਜ਼ਿਲ੍ਹਿਆਂ ਤੋਂ ਸਗੋਂ ਹੋਰ ਰਾਜਾਂ ਤੋਂ ਵੱਡੀ ਪੱਧਰ ਉੱਤੇ ਬਾਸਮਤੀ ਪਹੁੰਚਣ ਕਰਕੇ ਮੰਡੀ ਛੋਟੀ ਪੈ ਗਈ ਹੈ। ਹਾੜ੍ਹੀ ਅਤੇ ਸਾਉਣੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਫਸਲ ਖਾਲੀ ਪਏ ਪਲਾਟਾਂ ਵਿੱਚ ਸੁੱਟਣੀ ਪੈਂਦੀ ਹੈ। ਦੋ ਦਹਾਕਿਆਂ ਤੋਂ ਚੋਣਾਂ ਦੌਰਾਨ ਸ਼ਹਿਰ ਦੇ ਬਾਹਰ ਨਵੀਂ ਮੰਡੀ ਬਣਾਏ ਜਾਣ ਨੂੰ ਲੈ ਵੋਟਾਂ ਲੈ ਲਈਆਂ ਜਾਂਦੀਆਂ ਹਨ ਪਰ ਚੋਣਾਂ ਮਗਰੋਂ ਮੁੱਦਾ ਵਿਸਾਰ ਦਿੱਤਾ ਜਾਂਦਾ ਹੈ।