ਪੱਤਰ ਪ੍ਰੇਰਕ
ਪਟਿਆਲਾ, 19 ਅਪਰੈਲ
ਉੱਤਰ ਖੇਤਰੀ ਸਭਿਆਚਾਰ ਕੇਂਦਰ ਪਟਿਆਲਾ (ਐਨਜੈੱਡਸੀਸੀ) ਪਿਛਲੇ 15 ਮਹੀਨਿਆਂ ਤੋਂ ਡਾਇਰੈਕਟਰ ਤੋਂ ਬਿਨਾਂ ਚੱਲ ਰਿਹਾ ਹੈ। ਬੇਸ਼ੱਕ ਇਸ ਦਾ ਐਡੀਸ਼ਨਲ ਚਾਰਜ ਦਿੱਲੀ ਦੇ ਪੁਰਾਤੱਤਵ ਭਵਨ ਵਿੱਚ ਤਾਇਨਾਤ ਡਾਇਰੈਕਟਰ ਦੀਪਿਕਾ ਪੁੱਖਰਨਾ ਸੰਭਾਲ ਰਹੀ ਹੈ ਪਰ ਸਭਿਆਚਾਰਕ ਕੇਂਦਰ ਦੀਆਂ ਮੱਠੀਆਂ ਪਈਆਂ ਗਤੀਵਿਧੀਆਂ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਦਾ ਆਪਣਾ ਡਾਇਰੈਕਟਰ ਹੋਣਾ ਚਾਹੀਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਉਤਰ ਖੇਤਰੀ ਸਭਿਆਚਾਰ ਕੇਂਦਰ ਸੱਤ ਕੇਂਦਰਾਂ ਵਿੱਚੋਂ ਇਕ ਹੈ। ਬਾਕੀ ਦੇ ਛੇ ਕੇਂਦਰ ਇਲਾਹਾਬਾਦ, ਪਿਜਾਵਰ (ਤਾਮਿਲਨਾਡੂ), ਨਾਗਪੁਰ, ਕਲਕੱਤਾ, ਦੀਮਾਪੁਰ (ਨਾਗਾਲੈਂਡ), ਉਦੇਪੁਰ ਚੱਲ ਰਹੇ ਹਨ, ਇਨ੍ਹਾਂ ਸੱਤਾਂ ਦੇ ਡਾਇਰੈਕਟਰਾਂ ਦੀ ਡਾਇਰੈਕਟਰ ਸ੍ਰੀਮਤੀ ਪੁੱਖਰਨਾ ਹੈ। ਪਟਿਆਲਾ ਸਭਿਆਚਾਰ ਕੇਂਦਰ ਦੇ ਡਾਇਰੈਕਟਰ ਸੁਭੱਗਿਆ ਵਰਦਾਨ ਫਰਵਰੀ 2021 ਵਿੱਚ ਸੇਵਾ ਮੁਕਤ ਹੋ ਗਏ ਸਨ, ਪ੍ਰਾਪਤ ਜਾਣਕਾਰੀ ਅਨੁਸਾਰ ਖ਼ਾਲੀ ਹੋਏ ਸਭਿਆਚਾਰਕ ਕੇਂਦਰ ਦੇ ਨਵੇਂ ਡਾਇਰੈਕਟਰ ਲਈ ਅਖ਼ਬਾਰਾਂ ਵਿਚ ਇਸ਼ਤਿਹਾਰ ਦਿੱਤਾ ਗਿਆ, ਰਾਜਪਾਲ ਪੰਜਾਬ ਦੀ ਅਗਵਾਈ ਵਿਚ ਬਣੀ ਕਮੇਟੀ ਨੇ ਇੰਟਰਵਿਊ ਵੀ ਦਸੰਬਰ 2021 ਵਿੱਚ ਲੈ ਲਿਆ। ਹੁਣ ਇਸ ਦੀ ਨਿਯੁਕਤੀ ਦੀ ਫਾਈਲ ਮਨਿਸਟਰੀ ਆਫ਼ ਕਲਚਰ ਦੇ ਦਫ਼ਤਰ ਵਿੱਚ ਪਈ ਹੈ। ਪਟਿਆਲਾ ਵਿਚ ਉਤਰ ਖੇਤਰੀ ਸਭਿਆਚਾਰਕ ਕੇਂਦਰ ਦੀ ਸ਼ਾਨਦਾਰ ਇਮਾਰਤ ਡਾਇਰੈਕਟਰ ਤੋਂ ਬਿਨਾਂ ਸਰਗਰਮੀਆਂ ਤੋਂ ਬਿਨਾਂ ਤੋਂ ਵਿਰਵੀ ਪਈ ਹੈ।
ਦਿੱਲੀ ਪੁਰਾਤਤਵ ਦੀ ਇਮਾਰਤ ਵਿਚ ਬੈਠੀ ਭਾਰਤ ਦੇ ਸੱਤ ਜ਼ੋਨਾਂ ਦੀ ਡਾਇਰੈਕਟਰ ਦੀਪਿਕਾ ਪੁੱਖਰਨਾ ਕਹਿੰਦੇ ਹਨ ਕਿ ਪਟਿਆਲਾ ਦੇ ਨਾਰਥ ਜ਼ੋਨ ਕਲਚਰ ਸੈਂਟਰ (ਐਨਜੈੱਡਸੀਸੀ) ਦੇ ਡਾਇਰੈਕਟਰ ਦੀ ਨਿਯੁਕਤ ਸਬੰਧੀ ਇੰਟਰਵਿਊ ਹੋ ਚੁੱਕੀ ਹੈ ਪਰ ਮੰਤਰੀ ਸਾਹਿਬਾਨ ਨੇ ਫ਼ੈਸਲਾ ਕਰਨਾ ਹੈ। ਉਨ੍ਹਾਂ ਕਿਹਾ ਹੈ ਕਿ ਪਟਿਆਲਾ ਤੋਂ ਕੋਈ ਵੀ ਮੰਗ ਆਉਂਦੀ ਹੈ ਉਸ ਨੂੰ ਤੁਰੰਤ ਪੂਰਾ ਕੀਤਾ ਜਾਂਦਾ ਹੈ।