ਖੇਤਰੀ ਪ੍ਰਤੀਨਿਧ
ਪਟਿਆਲਾ, 11 ਅਗਸਤ
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਸਰਕਾਰੀ ਮੈਡੀਕਲ ਕਾਲਜ ਦੀ ਸਮੂਹ ਫੈਕਲਿਟੀ ਨਾਲ ਮੀਟਿੰਗ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੁਨੇਹਾ ਪੰਜਾਬ ਸਰਕਾਰ ਦੀ ਕੋਵਿਡ-19 ਵਿਰੁੱਧ ਜੰਗ ‘ਮਿਸ਼ਨ ਫ਼ਤਿਹ’ ਲੜ ਰਹੇ ਮੂਹਰਲੀ ਕਤਾਰ ਦੇ ਕਰੋਨਾ ਯੋਧਿਆਂ ਤੱਕ ਪੁੱਜਦਾ ਕੀਤਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਅਤੇ ਇੱਥੇ ਭਰਤੀ ਮਰੀਜ਼ਾਂ ਦਾ ਰਾਜਿੰਦਰਾ ਹਸਪਤਾਲ ’ਤੇ ਬਣਿਆ ਵਿਸ਼ਵਾਸ ਹਰ ਹਾਲ ਬਹਾਲ ਰੱਖਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਇਸ ਗੱਲੋਂ ਸੰਤੁਸ਼ਟੀ ਦਾ ਇਜ਼ਹਾਰ ਕੀਤਾ ਹੈ ਕਿ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਅਤੇ ਹੋਰ ਮੈਡੀਕਲ ਅਮਲੇ ਵੱਲੋਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਲਾਜ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹ ਡਾਕਟਰਾਂ ਨੂੰ ਕੋਵਿਡ ਵਿਰੁੱਧ ਸ਼ੁਰੂ ਹੋਣ ਜਾ ਰਹੀ ਅਸਲੀ ਜੰਗ ਲਈ ਤਿਆਰ ਰਹਿਣਾ ਪਵੇਗਾ। ਇਸ ਲਈ ਐੱਮਸੀਐੱਚ ਇਮਾਰਤ ’ਚ ਆਈਸੀਯੂ ਨੂੰ 8ਵੀਂ ਮੰਜ਼ਿਲ ਤੋਂ ਤਬਦੀਲ ਕਰ ਕੇ 5ਵੀਂ ਮੰਜ਼ਿਲ ’ਤੇ ਲਿਜਾ ਕੇ ਬਿਸਤਰਿਆਂ ਦੀ ਗਿਣਤੀ 32 ਤੋਂ 83 ਕੀਤੀ ਜਾ ਰਹੀ ਹੈ।
ਕੁਮਾਰ ਅਮਿਤ ਨੇ ਮੈਡੀਕਲ ਕਾਲਜ ਦੇ ਸਾਰੇ ਵਿਭਾਗੀ ਮੁਖੀਆਂ ਨੂੰ ਕਿਹਾ ਕਿ ਉਹ ਆਪਣੇ ਸੀਨੀਅਰ ਅਤੇ ਜੂਨੀਅਰ ਰੈਜੀਡੈਂਟਾਂ ਦੀ ਅਗਵਾਈ ਕਰਦੇ ਹੋਏ ਜਿੱਥੇ ਖ਼ੁਦ ਕੋਵਿਡ ਲਾਗ ਤੋਂ ਬਚਣ, ਉੱਥੇ ਹੀ ਬਿਹਤਰ ਤਰੀਕੇ ਨਾਲ ਮਰੀਜ਼ਾਂ ਦਾ ਵੀ ਇਲਾਜ ਕਰਨ, ਕਿਉਂਕਿ ਅਗਲੇ ਤਿੰਨ ਮਹੀਨੇ ਸਾਡੇ ਲਈ ਹੋਰ ਵਧੇਰੇ ਚੁਣੌਤੀ ਭਰਪੂਰ ਹੋਣਗੇ, ਪਰ ਸਭ ਨੇ ਮਿਸ਼ਨ ਫ਼ਤਿਹ ਦੀ ਜੰਗ ਲੜਨੀ ਵੀ ਹੈ ਅਤੇ ਜਿੱਤ ਕੇ ਦਿਖਾਉਣੀ ਹੈ।
ਡਾਕਟਰਾਂ ਦੀ ਹੌਸਲਾਅਫ਼ਜਾਈ ਕਰਦਿਆਂ, ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਭਿਆਨਕ ਸਮੇਂ ਨੂੰ ਆਪਸੀ ਤਾਲਮੇਲ ਨਾਲ ਹੀ ਲੰਘਾਇਆ ਜਾ ਸਕੇਗਾ। ਇਸ ਲਈ ਉਹ ਰਣਨੀਤੀ ਬਣਾ ਕੇ ਕੋਵਿਡ ਮਰੀਜ਼ਾਂ ਦਾ ਇਲਾਜ ਕਰਨ ਲਈ ਅੱਗੇ ਆਉਣ। ਡਾਕਟਰਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਆਪਣੇ ਕਿੱਤੇ ਪ੍ਰਤੀ ਸਮਰਪਿਤ ਭਾਵਨਾ ਨਾਲ ਮਰੀਜ਼ਾਂ ਦਾ ਇਲਾਜ ਕਰਨਗੇ, ਤਾਂ ਕਿ ਸਾਰੇ ਰਲ ਕੇ ਮਿਸ਼ਨ ਫ਼ਤਿਹ ਦੀ ਜੰਗ ’ਚ ਜੇਤੂ ਰਹਿ ਸਕੀਏ।
ਡਿਵੀਜ਼ਨਲ ਕਮਿਸ਼ਨਰ ਵੱਲੋਂ ਸਿਵਲ ਸਰਜਨ ਨਾਲ ਬੈਠਕ
ਪਟਿਆਲਾ: ਡਿਵੀਜ਼ਨ ਦੇ ਡਿਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਜ਼ਰੂਰੀ ਸਾਵਧਾਨੀਆਂ ਵਰਤ ਕੇ ਆਪਣਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਲੋਕ ਕਿਸੇ ਵੀ ਤਰ੍ਹਾਂ ਦੀ ਘਬਰਾਹਟ ’ਚ ਨਾ ਆਉਣ, ਪਟਿਆਲਾ ਜ਼ਿਲ੍ਹੇ ’ਚ ਸਥਿਤੀ ਕੰਟਰੋਲ ਹੇਠ ਹੈ। ਉਨ੍ਹਾਂ ਇੱਥੇ ਪਟਿਆਲਾ ਜ਼ਿਲ੍ਹੇ ’ਚ ਕੋਵਿਡ-19 ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਪਾਰਸ ਕੁਮਾਰ ਪਾਂਡਵ ਤੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਵਿਨੋਦ ਡੰਗਵਾਲ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਸਿਵਲ ਸਰਜਨ ਤੋਂ ਪਟਿਆਲਾ ਜ਼ਿਲ੍ਹੇ ’ਚ ਕੋਵਿਡ-19 ਪਾਜੇਟਿਵ ਦੇ ਮਾਮਲੇ ਵਧਣ, ਉਨ੍ਹਾਂ ਦੇ ਸੰਪਰਕ ਲੱਭਣ, ਟੈਸਟਿੰਗ, ਨਿੱਜੀ ਤੇ ਸਰਕਾਰੀ ਹਸਪਤਾਲਾਂ ’ਚ ਆਈਸੋਲੇਸ਼ਨ ਤੇ ਇਕਾਂਤਵਾਸ ਸਮੇਤ ਕੰਟੇਨਮੈਂਟ ਜ਼ੋਨਾਂ ਬਾਰੇ ਜਾਣਕਾਰੀ ਹਾਸਲ ਕੀਤੀ। ਮੈਡੀਕਲ ਸੁਪਰਡੈਂਟ ਨੇ ਕੋਵਿਡ ਪੀੜਤਾਂ ਦੇ ਇਲਾਜ ਲਈ ਬੈਡਾਂ ਦੀ ਉਪਲਬੱਧਤਾ ਸਣੇ ਹੋਰ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਸਿਵਲ ਸਰਜਨ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਦੇ ਗਾਇਨੀ ਵਾਰਡ ’ਤੇ ਭਾਰ ਘਟਾਉਣ ਲਈ ਗਰਭਵਤੀ ਕੋਵਿਡ ਮਰੀਜਾਂ ਲਈ ਰਾਜਪੁਰਾ, ਨਾਭਾ ਤੇ ਸਮਾਣਾ ਦੇ ਸਿਵਲ ਹਸਪਤਾਲਾਂ ’ਚ ਆਈਸੋਲੇਸ਼ਨ ਦੇ ਪ੍ਰਬੰਧ ਕੀਤੇ ਗਏ ਹਨ।