ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਜੂਨ
ਇੱਥੇ ਸਰਕਾਰੀ ਮਹਿੰਦਰਾ ਕਾਲਜ ਦੇ ਸਾਹਮਣੇ ਜੈਕਬ ਡਰੇਨ ’ਤੇ 14 ਫੁੱਟ ਚੌੜੀ ਪੁਲੀ ਦੀ ਥਾਂ ’ਤੇ ਹੁਣ 34 ਫੁੱਟ ਚੌੜੇ ਪੁਲ ਦਾ ਨਿਰਮਾਣ ਸ਼ੁਰੂ ਕਰ ਹੋ ਚੁੱਕਿਆ ਹੈ।
68 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਪੁਲ ਦੀ ਉਸਾਰੀ ਸ਼ੁਰੂ ਕਰਵਾਉਣ ਮਗਰੋਂ ਮੇਅਰ ਸੰਜੀਵ ਬਿੱਟੂ ਨੇ ਦੱਸਿਆ ਕਿ ਜੈਕਬ ਡਰੇਨ ’ਤੇ ਬਣੀ ਪੁਲੀ ਰੋਜ਼ਾਨਾ ਟਰੈਫਿਕ ਜਾਮ ਦੇ ਨਾਲ-ਨਾਲ ਹਾਦਸਿਆਂ ਦਾ ਕਾਰਨ ਬਣਦੀ ਆ ਰਹੀ ਸੀ ਜਿਸ ਕਾਰਨ ਇਸ 14 ਫੁੱਟੀ ਪੁਲੀ ’ਤੇ ਹੁਣ 34 ਫੁੱਟ ਚੌੜਾ ਪੁਲ ਬਣਨ ਨਾਲ ਸ਼ਹਿਰ ਦੇ ਦੱਖਣ-ਪੂਰਬੀ ਹਿੱਸੇ ਦੇ ਲੋਕਾਂ ਨੂੰ ਸ਼ਹਿਰ ਤੱਕ ਪਹੁੰਚਣ ਵਿੱਚ ਆਸਾਨੀ ਹੋਵੇਗੀ। ਨਾਲ ਹੀ ਇਸ ਜਗ੍ਹਾ ’ਤੇ ਹੋਣ ਵਾਲੇ ਸੜਕ ਹਾਦਸਿਆਂ ਨੂੰ ਵੀ ਠੱਲ੍ਹ ਪਵੇਗੀ। ਉਨ੍ਹਾਂ ਕਿਹਾ ਕਿ ਇਹ ਨਵਾਂ ਪੁਲ ਬਰਸਾਤ ਦੇ ਮੌਸਮ ਵਿਚ ਪਾਣੀ ਦੀ ਨਿਕਾਸੀ ਵਿਚ ਵਧੇਰੇ ਮਦਦਗਾਰ ਹੋਵੇਗਾ।
ਉਨ੍ਹਾਂ ਦੱਸਿਆ ਕਿ ਇੱਥੇ ਪਹਿਲਾਂ ਮੌਜੂਦ ਪੁਲੀ ਦਾ ਨਿਰਮਾਣ ਡਾਟ ਲੈਂਟਰ ਰਾਹੀਂ ਕੀਤਾ ਗਿਆ ਸੀ। ਡਾਟ ਨੂੰ ਰੋਕਣ ਲਈ ਬਣਾਈ ਗਈ ਕੰਧ ਬਾਰਿਸ਼ ਦੇ ਮੌਸਮ ਵਿੱਚ ਪਾਣੀ ਨੂੰ ਡਾਫ਼ ਲਾਉਂਦੀ ਸੀ, ਇਸੇ ਕਰ ਕੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਜਾਂਦਾ ਸੀ ਪਰ ਪਾਣੀ ਨੂੰ ਡਾਫ ਲਾਉਣ ਵਾਲੀ ਇਸ ਕੰਧ ਨੂੰ ਖ਼ਤਮ ਕਰਨ ਨਾਲ ਜੈਕਬ ਡਰੇਨ ਵਿੱਚ ਪਾਣੀ ਆਸਾਨੀ ਨਾਲ ਅੱਗੇ ਵਧ ਸਕੇਗਾ। ਮੇਅਰ ਅਨੁਸਾਰ, ਬਰਸਾਤੀ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਪੁਲ ਬਣਾਉਣ ਵਾਲੀ ਕੰਪਨੀ ਜੈਕਬ ਡਰੇਨ ਦੇ ਦੋਵੇਂ ਪਾਸਿਓਂ ਥੰਮ੍ਹਾਂ ਨੂੰ ਬਾਹਰ ਕੱਢਣ ਦਾ ਕੰਮ ਪੂਰਾ ਕਰ ਲਵੇਗੀ ਅਤੇ ਬਰਸਾਤੀ ਮੌਸਮ ਵਿੱਚ ਵੀ ਪੁਲ ਦਾ ਕੰਮ ਜਾਰੀ ਰਹੇਗਾ। ਇਸੇ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਮਯੰਕ ਕੁਮਾਰ ਦਾ ਕਹਿਣਾ ਸੀ ਕਿ ਇਸ ਪੁਲ ਨੂੰ 30 ਸਤੰਬਰ ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਇਸ ਮੌਕੇ ਕੌਂਸਲਰ ਨਿਖਿਲ ਬਾਤਿਸ਼ ਸ਼ੇਰੂ ਤੇ ਸੰਦੀਪ ਮਲਹੋਤਰਾ ਸਮੇਤ ਕਾਂਗਰਸੀ ਆਗੂ ਰਾਜਿੰਦਰ ਸ਼ਰਮਾ ਅਤੇ ਪੁਲ ਨਿਰਮਾਣ ਕੰਪਨੀ ਦੇ ਠੇਕੇਦਾਰ ਮੰਗਤ ਰਾਏ ਵੀ ਹਾਜ਼ਰ ਸਨ।