ਪਾਤੜਾਂ ਨੇੜੇ ਸੜਕ ’ਤੇ ਸੜ ਰਹੀ ਗੱਡੀ।
ਪੱਤਰ ਪ੍ਰੇਰਕ
ਪਾਤੜਾਂ, 29 ਮਈ
ਪਟਿਆਲਾ-ਸਮਾਣਾ ਮੁੱਖ ਮਾਰਗ ’ਤੇ ਪਿੰਡ ਨਿਆਲ ਦੇ ਰਿਲਾਇੰਸ ਪੰਪ ਨੇੜੇ ਸਿਖਰ ਦੁਪਹਿਰੇ ਟਰਾਲੇ ਵੱਲੋਂ ਪਿਕਅਪ ਗੱਡੀ ਨੂੰ ਟੱਕਰ ਮਾਰ ਦੇਣ ਮਗਰੋਂ ਪਲਟੀ ਗੱਡੀ ਨੂੰ ਅੱਗ ਲੱਗ ਗਈ। ਰਾਹਗੀਰਾਂ ਨੇ ਪਾਣੀ ਅਤੇ ਮਿੱਟੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਅੱਗ ਦੀਆਂ ਲਪਟਾਂ ਤੇਜ਼ ਹੋਣ ਕਰਕੇ ਅੱਗ ’ਤੇ ਕਾਬੂ ਪਾਉਣ ਵਿੱਚ ਮੁਸ਼ਕਿਲ ਆ ਰਹੀ ਸੀ। ਰੋਡਵੇਜ਼ ਦੀ ਬੱਸ ਦੇ ਕੰਡਕਟਰ ਨੇ ਬੱਸ ਵਿੱਚ ਰੱਖੇ ਅੱਗ ਬੁਝਾਊ ਸਿਲੰਡਰਾਂ ਦੀ ਮਦਦ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ। ਹਾਦਸੇ ਵਿੱਚ ਗੱਡੀ ਤੇ ਡਰਾਈਵਰ ਸਮੇਤ ਉਸ ਵਿੱਚ ਸਵਾਰ ਦੋ ਹੋਰ ਵਿਅਕਤੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ।
ਪਿਕਅੱਪ ਗੱਡੀ ਦੇ ਡਰਾਈਵਰ ਰਾਜਪੁਰਾ ਵਾਸੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਪਾਤੜਾਂ ਆ ਰਿਹਾ ਸੀ ਤਾਂ ਰਿਲਾਇੰਸ ਪੰਪ ਤੋਂ ਤੇਲ ਪਵਾ ਕੇ ਸੜਕ ’ਤੇ ਚੜ੍ਹਦੇ ਟਰਾਲੇ ਨੇ ਗੱਡੀ ਦੇ ਫੇਟ ਮਾਰੀ। ਗੱਡੀ ਦਾ ਸੰਤੁਲਨ ਵਿਗੜ ਜਾਣ ਕਾਰਨ ਸੜਕ ’ਤੇ ਪਲਟਦਿਆਂ ਹੀ ਅਗਲੇ ਹਿੱਸੇ ਵਿੱਚ ਅੱਗ ਲੱਗ ਗਈ ਅਤੇ ਦੇਖਦਿਆਂ ਹੀ ਦੇਖਦਿਆਂ ਅੱਗ ਦੀਆਂ ਲਪਟਾਂ ਤੇਜ਼ ਹੋ ਗਈਆਂ। ਉਨ੍ਹਾਂ ਦੱਸਿਆ ਕਿ ਗੱਡੀ ਵਿੱਚ ਸਵਾਰ ਦੋ ਹੋਰ ਮਜ਼ਦੂਰਾਂ ਸਮੇਤ ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਜਾਨ ਬਚਾਈ ਹੈ। ਟਰਾਲੇ ਤਾਂ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ਉੱਤੇ ਪਹੁੰਚੀ ਪੁਲੀਸ ਨੇ ਡਰਾਈਵਰ ਦੇ ਬਿਆਨਾਂ ਦੇ ਅਧਾਰ ਉੱਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।