ਅਸ਼ਵਨੀ ਗਰਗ
ਸਮਾਣਾ, 24 ਜੁਲਾਈ
ਸਥਾਨਕ ਪੰਜ ਪੀਰ ਨੇੜਲੀ ਬਸਤੀ ਦੇ ਲੋਕ ਨਰਕ ਭਰਿਆ ਜੀਵਣ ਜੀਉਣ ਲਈ ਮਜਬੂਰ ਹਨ। ਉਹ ਹਾਲੇ ਵੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਵਾਟਰ ਸਪਲਾਈ ਦੀਆਂ ਪਾਈਆਂ ਥਾਂ ਥਾਂ ਤੋਂ ਟੁੱਟੀਆਂ ਹੋਈਆਂ ਹਨ। ਮੀਂਹ ਦਾ ਗੰਦਾ ਪਾਣੀ ਇਨ੍ਹਾਂ ਪਾਈਪਾਂ ਰਾਹੀਂ ਘਰਾਂ ਨੂੰ ਜਾ ਰਿਹਾ ਹੈ, ਜਿਸ ਕਾਰਨ ਗੰਭੀਰ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ। ਇਥੋਂ ਦੇ ਵਸਨੀਕਾਂ ਸਾਗਰ ਕੁਮਾਰ, ਸਨੀ ਕੁਮਾਰ, ਅਨਿਲ ਕੁਮਾਰ, ਕਮਲ ਕੁਮਾਰ, ਸੁਨੀਲ ਕੁਮਾਰ, ਵਿੱਕੀ, ਧਰਮਵੀਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਮੁੱਹਲਿਆਂ ਵਿਚ ਨਾ ਸੜਕਾਂ ਹਨ ਤੇ ਨਾ ਸਟ੍ਰੀਟ ਲਾਈਟਾਂ, ਸੀਵਰੇਜ ਤਾਂ ਦੂਰ ਦੀ ਗੱਲ ਹੈ। ਵਾਟਰ ਸਪਲਾਈ ਲਈ ਪਾਈਪਾਂ ਵੀ ਪੂਰੀਆਂ ਨਹੀਂ ਪਾਈਆਂ ਗਈਆਂ। ਜਿਥੇ ਪਾਈਪਾਂ ਪਈਆਂ ਹਨ ਉਨ੍ਹਾਂ ਦੀ ਹਾਲਤ ਬਹੁਤ ਖਸਤਾ ਹੈ। ਲੋਕ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਕਿਸੇ ਨੇ ਸਾਰ ਨਹੀਂ ਲਈ। ਕੌਂਸਲਰ ਪ੍ਰਦੀਪ ਸ਼ਰਮਾ ਜੋ ਕਾਂਗਰਸ ਪਾਰਟੀ ਨਾਲ ਸਬੰਧਤ ਹਨ ਨੇ ਕਿਹਾ ਕਿ ਉਨ੍ਹਾਂ ਦੀ ਆਪਣੀ ਸਰਕਾਰ ਹੋਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕਈ ਵਾਰ ਨਗਰ ਕੌਂਸਲ ਦੇ ਅਫਸਰਾਂ ਨੂੰ ਸ਼ਿਕਾਇਤ ਦੇ ਚੁੱਕੇ ਹਨ ਪਰ ਕੁਝ ਨਹੀਂ ਹੋਇਆ। ਆਮ ਆਦਮੀ ਪਾਰਟੀ ਹਲਕਾ ਸਮਾਣਾ ਦੇ ਇੰਚਾਰਜ ਚੇਤਨ ਜੌੜਾਮਾਜਰਾ ਨੇ ਕਿਹਾ ਕਿ ਇਹ ਸਰਕਾਰ ਗਰੀਬਾਂ ਦੀ ਨਾ ਹੋ ਕੇ ਸਰਮਾਏਦਾਰਾਂ ਦੀ ਸਰਕਾਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਕ ਪਾਸੇ ਹਲਕਾ ਵਿਧਾਇਕ ਸਮਾਣਾ ’ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਉਣ ਦੇ ਦਾਅਵੇ ਕਰਦੇ ਨਹੀਂ ਥੱਕਦੇ, ਦੂਜੇ ਪਾਸੇ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਰਾਜੇਸ਼ ਸ਼ਰਮਾ ਨੇ ਇਸ ਸਬੰਧੀ ਪੁੱਛੇ ਜਾਣ ’ਤੇ ਦੱਸਿਆ ਕਿ ਵਾਟਰ ਸਪਲਾਈ ਦੀ ਸਮੱਸਿਆ ਨੂੰ ਛੇਤੀ ਠੀਕ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੀਵਰੇਜ ਤੇ ਸੜਕਾਂ ਦਾ ਵੀ ਪ੍ਰਬੰਧ ਛੇਤੀ ਹੀ ਕਰਵਾ ਦਿੱਤਾ ਜਾਵੇਗਾ।
ਦੂਸ਼ਿਤ ਪਾਣੀ ਪੀਣ ਕਾਰਨ ਲੋਕ ਬਿਮਾਰ
ਭਵਾਨੀਗੜ੍ਹ: ਨੇੜਲੇ ਪਿੰਡ ਮੱਟਰਾਂ ਵਿੱਚ ਦੂਸ਼ਿਤ ਪਾਣੀ ਸਪਲਾਈ ਹੋਣ ਕਾਰਨ ਲੋਕ ਬਿਮਾਰ ਹੋਣ ਲੱਗੇ ਹਨ। ਪਿੰਡ ਦੇ ਸਰਪੰਚ ਜਗਤਾਰ ਸਿੰਘ ਤੂਰ ਅਤੇ ਕਿਸਾਨ ਆਗੂ ਪ੍ਰਗਟ ਸਿੰਘ ਸਿੱਧੂ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਪਿੰਡ ਵਿੱਚ ਦੂਸ਼ਿਤ ਪਾਣੀ ਸਪਲਾਈ ਹੋ ਰਿਹਾ ਹੈ। ਦੂਸ਼ਿਤ ਪਾਣੀ ਪੀਣ ਨਾਲ ਪਿੰਡ ਦੇ ਕਾਫੀ ਵਿਅਕਤੀਆਂ ਅਤੇ ਬੱਚਿਆਂ ਨੂੰ ਉਲਟੀਆਂ ਦਸਤ ਲਗ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਦਾ ਪਤਾ ਲੱਗਣ ’ਤੇ ਡਾ. ਕਰਮਜੀਤ ਸਿੰਘ ਐਸਡੀਐਮ ਭਵਾਨੀਗੜ੍ਹ ਨੇ ਅੱਜ ਪਿੰਡ ਦਾ ਦੌਰਾ ਕੀਤਾ। ਸਰਕਾਰੀ ਸਿਵਲ ਹਸਪਤਾਲ ਦੇ ਐਸਐਮਓ ਡਾ. ਮਹੇਸ਼ ਆਹੂਜਾ ਦੀ ਅਗਵਾਈ ਹੇਠ ਸਿਹਤ ਕੇਂਦਰ ਨਦਾਮਪੁਰ ਦੀ ਟੀਮ ਨੇ ਪਿੰਡ ਵਿੱਚ ਕੈਂਪ ਲਗਾ ਕੇ ਲੋਕਾਂ ਦੀ ਜਾਂਚ ਕੀਤੀ ਤੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ। ਇਸ ਤੋਂ ਇਲਾਵਾ ਜਲ ਵਿਭਾਗ ਨੇ ਪੀਣ ਵਾਲੇ ਪਾਣੀ ਦੀ ਪਾਈਪ ਵਿਚਲੀ ਲੀਕੇਜ ਠੀਕ ਕੀਤੀ ਤੇ ਟੈਂਕੀ ਵਿੱਚ ਦਵਾਈ ਪਾਈ। ਹੁਣ ਪਿੰਡ ਵਾਸੀਆਂ ਨੂੰ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾ ਰਾਹੀ ਹੈ।