ਬਹਾਦਰ ਸਿੰਘ ਮਰਦਾਂਪੁਰ
ਘਨੌਰ, 1 ਜੂਨ
ਇਸ ਖੇਤਰ ਵਿੱਚੋਂ ਗੁਜ਼ਰਦੇ ਘੱਗਰ ਦਰਿਆ, ਪੰਝੀਦਰਾ ਗੰਦਾ ਨਾਲਾ, ਝਾੜਵਾਂ ਅਤੇ ਭਾਗਨਾ ਡਰੇਨ ਸਮੇਤ ਹੋਰਨਾਂ ਨਦੀਆਂ ਨਾਲਿਆਂ ਵਿੱਚ ਹਰ ਸਾਲ ਬਰਸਾਤ ਦੇ ਦਿਨਾਂ ਦੌਰਾਨ ਆਉਂਦੇ ਹੜ੍ਹਾਂ ਦੀ ਰੋਕਥਾਮ ਲਈ ਡਰੇਨੇਜ਼ ਵਿਭਾਗ ਨੂੰ ਸਰਕਾਰ ਦੁਆਰਾ ਧੇਲਾ ਵੀ ਫੰਡ ਜਾਰੀ ਨਾ ਕੀਤੇ ਜਾਣ ’ਤੇ ਉਕਤ ਦਰਿਆ ਅਤੇ ਨਦੀ ਨਾਲਿਆਂ ਨੇੜੇ ਵਸੇ ਪਿੰਡਾਂ ਦੇ ਲੋਕਾਂ ਨੂੰ ਹੜ੍ਹਾਂ ਦਾ ਸਹਿਮ ਸਤਾਉਣ ਲੱਗਿਆ ਹੈ। ਜਾਣਕਾਰੀ ਅਨੁਸਾਰ ਇਸ ਖੇਤਰ ਦੇ ਲੋਕਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਡਰੇਨੇਜ਼ ਵਿਭਾਗ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਜਿਹੇ ਦਾਅਵੇ ਕੀਤੇ ਜਾਣ ਲੱਗੇ ਹਨ। ਪ੍ਰੰਤੂ ਖੇਤਰ ਦੇ ਨਦੀ ਨਾਲਿਆਂ, ਨਹਿਰੀ ਬੰਨਾਂ ਦੀਆਂ ਸੰਵੇਦਨਸ਼ੀਲ ਥਾਵਾਂ ’ਤੇ ਜਾ ਕੇ ਪਤਾ ਲੱਗਿਆ ਕਿ ਇੱਕਾ ਦੁੱਕਾ ਥਾਵਾਂ ਨੂੰ ਛੱਡ ਕੇ ਹੋਰ ਕਿਧਰੇ ਵੀ ਹੜ੍ਹ ਰੋਕੂ ਪ੍ਰਬੰਧ ਨਜ਼ਰ ਨਹੀਂ ਆਉਂਦੇ। ਇਸ ਖੇਤਰ ਵਿੱਚ ਹੜ੍ਹਾਂ ਦਾ ਮੁੱਖ ਕਾਰਨ ਬਣਦੇ ਘੱਗਰ ਦਰਿਆ ਅਤੇ ਪੰਝੀਦਰਾ ਵਾਲਾ ਗੰਦਾ ਨਾਲਾ ਦੇ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਵਾਲੇ ਸਾਇਫਨਾਂ ਦੀ ਅਜੇ ਤੱਕ ਸਫਾਈ ਨਹੀਂ ਹੋ ਸਕੀ। ਸਾਈਫਨਾਂ ਮੂਹਰੇ ਕਈ ਕਈ ਫੁੱਟ ਉੱਚਾ ਘਾਹ, ਫੂਸ ਅਤੇ ਸਰਕੰਡਾ ਖੜ੍ਹਾ ਹੈ। ਜੋ ਕਿ ਬਰਸਾਤੀ ਪਾਣੀ ਦੇ ਨਿਕਾਸ ਵਿੱਚ ਵੱਡਾ ਅੜਿੱਕਾ ਬਣਦਾ ਹੈ। ਜਦੋਂ ਕਿ ਘੱਗਰ ਕਿਨਾਰੇ ਵਸੇ ਪਿੰਡ ਊਂਟਸਰ, ਨਨਹੇੜੀ, ਰਾਏਪੁਰ ਸਮੇਤ ਹੋਰਨਾਂ ਪਿੰਡਾਂ ਨੂੰ ਘੱਗਰ ਦੀ ਮਾਰ ਤੋਂ ਬਚਾਉਣ ਲਈ ਲਗਾਏ ਗਏ ਪੱਥਰਾਂ ਦੇ ਸਟੱਡ ਮੁਰੰਮਤ ਖੁਣੋਂ ਢਹਿ ਢੇਰੀ ਹੋ ਰਹੇ ਹਨ। ਪਿੰਡ ਰਾਏਪੁਰ ਦੇ ਸਰਪੰਚ ਤੇਜਿੰਦਰ ਸਿੰਘ, ਨਨਹੇੜੀ ਦੇ ਸਰਪੰਚ ਗੁਰਬਚਨ ਸਿੰਘ, ਕਿਸਾਨ ਆਗੂ ਧਰਮਪਾਲ ਸਿੰਘ ਸੀਲ, ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ ਅਤੇ ਸਰਪੰਚ ਕਰਮ ਸਿੰਘ ਮਾੜੀਆ ਸਮੇਤ ਹੋਰਨਾਂ ਦਾ ਕਹਿਣਾ ਹੈ ਕਿ ਡਰੇਨੇਜ਼ ਵਿਭਾਗ ਦੇ ਅਧਿਕਾਰੀ ਹੜ੍ਹ ਰੋਕੂ ਪ੍ਰਬੰਧਾਂ ਬਾਰੇ ਉਦੋਂ ਹੀ ਸੋਚਣ ਲੱਗਦੇ ਹਨ, ਜਦੋਂ ਹੜ੍ਹਾਂ ਦਾ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਂਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਖੇਤਰ ਵਿੱਚ ਤੁਰੰਤ ਹੜ੍ਹ ਰੋਕੂ ਪ੍ਰਬੰਧ ਕੀਤੇ ਜਾਣ। ਇਸ ਸਬੰਧੀ ਡਰੇਨੇਜ਼ ਵਿਭਾਗ ਦੇ ਐਕਸੀਅਨ ਰਮਨ ਬੈਂਸ ਨੇ ਕਿਹਾ ਕਿ ਘੱਗਰ ਦਰਿਆ ਦੇ ਨਹਿਰੀ ਸਾਈਫਨਾਂ ਦੀ ਸਫਾਈ, ਬੰਨ੍ਹਾਂ ਦੀ ਮਜ਼ਬੂਤੀ ਅਤੇ ਘੱਗਰ ਵਿੱਚ ਸਟੱਡਾਂ ਦੀ ਮੁਰੰਮਤ ਲਈ ਸਰਕਾਰ ਤੋਂ 50 ਲੱਖ ਰੁਪਏ ਫੰਡ ਮੰਗਿਆ ਗਿਆ ਹੈ। ਜੋ ਅਜੇ ਨਹੀਂ ਮਿਲਿਆ। ਇਸ ਦੇ ਬਾਵਜੂਦ ਝਾੜਵਾਂ ਡਰੇਨ ਸਮੇਤ ਹੋਰਨਾਂ ਡਰੇਨਾਂ ਵਿੱਚ ਸਫਾਈ ਦਾ ਕੰਮ ਚੱਲ ਰਿਹਾ ਹੈ।