ਪੱਤਰ ਪ੍ਰੇਰਕ
ਪਟਿਆਲਾ, 21 ਜੁਲਾਈ
ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ’ਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪਟਿਆਲਾ ਅਤੇ ਆਸ-ਪਾਸ ਦੇ ਸ਼ਹਿਰਾਂ ਤੋਂ ਕਵੀਆਂ ਅਤੇ ਵਿਦਵਾਨਾਂ ਨੇ ਆਪਣੀਆਂ ਸਾਹਿਤਕ ਰਚਨਾਵਾਂ ਦੀ ਸਾਂਝ ਪਾਈ। ਸਮਾਗਮ ਦੀ ਪ੍ਰਧਾਨਗੀ ‘ਗੁਸਾਈਂਆਂ’ ਮੈਗਜ਼ੀਨ ਦੇ ਮੁੱਖ ਸੰਪਾਦਕ ਕੁਲਵੰਤ ਸਿੰਘ ਨਾਰੀਕੇ ਨੇ ਕੀਤੀ। ਸਾਉਣ ਮਹੀਨੇ ਨੂੰ ਸਮਰਪਿਤ ਕਵੀ ਦਰਬਾਰ ਮੌਕੇ ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਨੇ ਮੰਚ ਦੀਆਂ ਗਤੀਵਿਧੀਆਂ ਅਤੇ ਹਾਜ਼ਰ ਸ਼ਾਇਰਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਤੋਂ ਉਪਰੰਤ ਕੁਲਵੰਤ ਸੈਦੋਕੇ ਨੇ ਖ਼ੂਬਸੂਰਤ ਗੀਤ ਨਾਲ ਸਮਾਗਮ ਦਾ ਆਗਾਜ਼ ਕੀਤਾ। ਪ੍ਰਧਾਨਗੀ ਮੰਡਲ ਵਿੱਚ ਹਾਜ਼ਰ ਸੁਖਮਿੰਦਰ ਸੇਖੋਂ, ਜਸਵਿੰਦਰ ਸਿੰਘ ਖਾਰਾ, ਕੁਲਵੰਤ ਸੈਦੋਕੇ ਤੇ ਗੁਰਚਰਨ ਚੰਨ ਪਟਿਆਲਵੀ ਨੇ ਵੀ ਵਿਚਾਰ ਅਤੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।