ਗੁਰਨਾਮ ਸਿੰਘ ਅਕੀਦਾ
ਪਟਿਆਲਾ, 6 ਨਵੰਬਰ
ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3’ ਦੇ ਪਟਿਆਲਾ ਜ਼ਿਲ੍ਹੇ ਵਿੱਚ ਚੱਲ ਰਹੇ ਸੂਬਾ ਪੱਧਰੀ ਮੁਕਾਬਲਿਆਂ ਦੌਰਾਨ ਅੱਜ ਕਬੱਡੀ ਦੇ ਦਿਲਚਸਪ ਮੁਕਾਬਲੇ ਹੋਏ। ਸੂਬਾ ਪੱਧਰੀ ਖੇਡਾਂ ਵਿੱਚ ਹਿੱਸਾ ਲੈ ਰਹੇ ਖਿਡਾਰੀਆਂ ਦੀ ਹੌਂਸਲਾ-ਅਫ਼ਜ਼ਾਈ ਕਰਨ ਲਈ ਅੱਜ ਕੌਮਾਂਤਰੀ ਕਬੱਡੀ ਖਿਡਾਰੀ ਤੇ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਖਿਡਾਰੀਆਂ ਦੀ ਖੇਡ ਪ੍ਰਤਿਭਾ ਨਿਖਾਰਨ ਲਈ ਸੂਬੇ ਅੰਦਰ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕਰਕੇ ਸਾਜ਼ਗਾਰ ਮਾਹੌਲ ਪੈਦਾ ਕੀਤਾ ਹੈ। ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਕਬੱਡੀ (ਸਰਕਲ ਸਟਾਈਲ) ਲੜਕੀਆਂ ਅੰਡਰ-14 ਉਮਰ ਵਰਗ ਦੇ ਮੁਕਾਬਲਿਆਂ ਵਿੱਚ ਫ਼ਰੀਦਕੋਟ ਦੀ ਟੀਮ ਨੇ ਰੋਪੜ ਨੂੰ 22-17 ਅੰਕਾਂ, ਤਰਨਤਾਰਨ ਨੇ ਅੰਮ੍ਰਿਤਸਰ ਨੂੰ 29-19 ਅੰਕਾਂ, ਫ਼ਿਰੋਜ਼ਪੁਰ ਨੇ ਬਰਨਾਲਾ ਨੂੰ 18-00 ਅੰਕਾਂ, ਬਠਿੰਡਾ ਨੇ ਮੋਹਾਲੀ ਨੂੰ 20-02 ਅੰਕਾਂ ਦੇ ਭਾਰੀ ਫ਼ਰਕ ਨਾਲ ਹਰਾ ਕਿ ਜਿੱਤ ਹਾਸਲ ਕੀਤੀ। ਲੜਕੇ ਅੰਡਰ-17 ਉਮਰ ਵਰਗ ਵਿੱਚ ਜਲੰਧਰ ਨੇ ਰੋਪੜ ਨੂੰ 28-16 ਅੰਕਾਂ, ਲੁਧਿਆਣਾ ਨੇ ਫ਼ਰੀਦਕੋਟ ਨੂੰ 27-14 ਅੰਕਾਂ, ਮਲੇਰਕੋਟਲਾ ਨੇ ਮਾਨਸਾ ਨੂੰ 26-16ਅੰਕਾਂ, ਮੋਗਾ ਨੇ ਫ਼ਿਰੋਜ਼ਪੁਰ ਨੂੰ 24-14 ਅੰਕਾਂ, ਬਠਿੰਡਾ ਨੇ ਫ਼ਤਿਹਗੜ੍ਹ ਸਾਹਿਬ ਨੂੰ 19-10 ਅੰਕਾਂ ਅਤੇ ਅੰਮ੍ਰਿਤਸਰ ਸਾਹਿਬ ਨੇ ਪਠਾਨਕੋਟ 22-07 ਦੇ ਵੱਡੇ ਫ਼ਰਕ ਨਾਲ ਹਰਾ ਕਿ ਜਿੱਤ ਹਾਸਲ ਕੀਤੀ। ਇਸ ਦੌਰਾਨ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਪਟਿਆਲਾ ਵਿੱਚ ਚੱਲ ਰਹੇ ਸੂਬਾ ਪੱਧਰੀ ਮੁਕਾਬਲਿਆਂ ’ਚ ਅੱਜ ਕਬੱਡੀ, ਖੋ-ਖੋ ਤੇ ਤੀਰਅੰਦਾਜ਼ੀ ਮੁਕਾਬਲੇ ਹੋਏ। ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਖੋ-ਖੋ ਅੰਡਰ-14 (ਲੜਕੇ) ਉਮਰ ਵਰਗ ਦੇ ਫਾਈਨਲ ਮੁਕਾਬਲਿਆਂ ਵਿੱਚ ਸੰਗਰੂਰ ਦੀ ਟੀਮ ਨੇ ਪਹਿਲਾ, ਪਟਿਆਲਾ ਨੇ ਦੂਜਾ ਅਤੇ ਲੁਧਿਆਣਾ ਅਤੇ ਜਲੰਧਰ ਦੀਆਂ ਟੀਮਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਦੇ ਮੁਕਾਬਲਿਆਂ ਵਿੱਚ ਪਟਿਆਲਾ ਨੇ ਪਹਿਲਾ, ਮੋਗਾ ਨੇ ਦੂਜਾ ਅਤੇ ਸੰਗਰੂਰ ਅਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਟੀਮਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ ਵਿੱਚ ਪਟਿਆਲਾ ਦੀ ਟੀਮ ਨੇ ਪਹਿਲਾ, ਸੰਗਰੂਰ ਨੇ ਦੂਜਾ ਅਤੇ ਲੁਧਿਆਣਾ ਅਤੇ ਜਲੰਧਰ ਦੀਆਂ ਟੀਮਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਵਿੱਚ ਪਟਿਆਲਾ ਨੇ ਪਹਿਲਾ, ਸੰਗਰੂਰ ਨੇ ਦੂਜਾ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਬੱਡੀ (ਸਰਕਲ ਸਟਾਈਲ) ਅੰਡਰ-14 ਲੜਕਿਆਂ ਦੇ ਪਹਿਲੇ ਸੈਮੀ ਫਾਈਨਲ ਮੁਕਾਬਲਿਆਂ ਵਿੱਚ ਰੋਪੜ ਨੇ ਸੰਗਰੂਰ ਦੀ ਟੀਮ ਨੂੰ 24-11 ਅਤੇ ਦੂਜੇ ਸੈਮੀਫਾਈਨਲ ਮੈਚ ਵਿੱਚ ਬਰਨਾਲਾ ਨੇ ਮਾਨਸਾ ਦੀ ਟੀਮ ਨੂੰ 21-18 ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ।