ਪੱਤਰ ਪ੍ਰੇਰਕ
ਦੇਵੀਗੜ੍ਹ, 12 ਜੂਨ
ਦਿਹਾਤੀ ਟਰੈਫਿਕ ਪੁਲੀਸ ਦੇ ਇੰਚਾਰਜ ਤਰਸੇਮ ਕੁਮਾਰ ਨੇ ਆਪਣੀ ਟੀਮ ਨਾਲ ਅੱਜ ਆਵਾਜਾਈ ’ਚ ਸੁਧਾਰ ਲਿਆਉਣ ਲਈ ਪਟਿਆਲਾ-ਪਿਹੋਵਾ ਵਾਇਆ ਦੇਵੀਗੜ੍ਹ ਰਾਜ ਮਾਰਗ ’ਤੇ ਰੇਤਾ, ਬਜਰੀ ਅਤੇ ਲੋਹੇ ਦੇ ਸਾਮਾਨ ਦੀਆਂ ਦੁਕਾਨਾਂ ਅੱਗੇ ਪਏ ਸਾਮਾਨ ਨੂੰ ਪਿੱਛੇ ਹਟਾਉਣ ਲਈ ਸਖਤ ਹੁਕਮ ਦਿੰਦੇ ਹੋਏ ਜੇਸੀਬੀ ਨਾਲ ਰੇਤਾ ਤੇ ਬਜਰੀ ਨੂੰ ਪਿੱਛੇ ਹਟਵਾਇਆ। ਇਸ ਤੋਂ ਇਲਾਵਾ ਲੋਹੇ ਦੀਆਂ ਦੁਕਾਨਾਂ ਅੱਗੇ ਪਿਆ ਲੋਹਾ ਅਤੇ ਉਨ੍ਹਾਂ ਦੇ ਦੁਕਾਨਾਂ ਦਾ ਨਾਂ ਲਿਖੇ ਬੋਰਡ ਵੀ ਪੁਟਵਾ ਕੇ ਪਿੱਛੇ ਕਰਵਾਏ। ਉਨ੍ਹਾਂ ਸੜਕ ’ਤੇ ਖੜ੍ਹੀਆਂ ਰੇਹੜੀਆਂ ਵੀ ਸੜਕ ਤੋਂ ਹਟਵਾਈਆਂ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਅਜਿਹੇ ਦੁਕਾਨਦਾਰਾਂ ਨੇ ਮੁੜ ਆਪਣਾ ਸਾਮਾਨ ਸੜਕ ਵੱਲ ਲਿਆਂਦਾ ਤਾਂ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਪਾਰਕਿੰਗ ਵਾਲੀ ਥਾਂ ਨੂੰ ਛੱਡ ਕੇ ਜਿਹੜੀਆਂ ਗੱਡੀਆਂ ਸੜਕ ’ਤੇ ਖੜ੍ਹੀਆਂ ਸਨ, ਉਨ੍ਹਾਂ ਦੇ ਚਾਲਾਨ ਵੀ ਕੱਟੇ ਗਏ। ਜਿ਼ਕਰਯੋਗ ਹੈ ਕਿ ਕਸਬੇ ਵਿੱਚ ਬਹੁਤ ਸਾਰੇ ਦੁਕਾਨਦਾਰਾਂ ਨੇ ਆਪਣਾਂ ਸਾਮਾਨ ਦੁਕਾਨਾਂ ਅੱਗੇ ਕਾਫੀ ਵਧਾ ਕੇ ਰੱਖਿਆ ਹੋਇਆ ਹੈ ਜੋ ਕਿ ਆਵਾਜਾਈ ਵਿੱਚ ਵਿਘਨ ਪਾਉਂਦਾ ਹੈ, ਇਸ ਵਿਰੁੱਧ ਸਖਤ ਕਾਰਵਾਈ ਕਰਨੀ ਬਣਦੀ ਹੈ।