ਗੁਰਨਾਮ ਸਿੰਘ ਚੌਹਾਨ
ਪਾਤੜਾਂ, 9 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਨੂੰ ਟਰੈਵਲ ਏਜੰਟਾਂ ਵੱਲੋਂ ਜਾਨੋਂ ਮਾਰਨ ਦੀਆਂ ਦਿੱਤੀਆਂ ਧਮਕੀਆਂ ਦੀ ਸ਼ਿਕਾਇਤ ’ਤੇ ਘੱਗਾ ਪੁਲੀਸ ਵੱਲੋਂ ਕਰਵਾਈ ਨਾ ਕਰਨ ਦੇ ਰੋਸ ਵਜੋਂ ਜਥੇਬੰਦੀ ਨੇ ਥਾਣੇ ਅੱਗੇ ਧਰਨਾ ਦਿੱਤਾ। ਮੌਕੇ ’ਤੇ ਪੁੱਜੇ ਨਾਇਬ ਤਹਿਸੀਲਦਾਰ ਵੱਲੋਂ 10 ਦਿਨਾਂ ਵਿੱਚ ਕਾਰਵਾਈ ਕਰਨ ਦੇ ਭਰੋਸੇ ਮਗਰੋਂ ਕਿਸਾਨ ਸ਼ਾਂਤ ਹੋਏ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਨੇ ਦੱਸਿਆ ਕਿ ਉਹ 30 ਜੂਨ ਨੂੰ ਪਿੰਡ ਆ ਰਹੇ ਸਨ। ਇਸ ਦੌਰਾਨ ਅੱਗਿਉਂ ਆ ਰਹੀ ਗੱਡੀ ਵਾਲਿਆਂ ਨੇ ਉਸ ਦੀ ਗੱਡੀ ਅੱਗੇ ਗੱਡੀ ਲਾ ਕੇ ਉਸ ਨੂੰ ਉਤਾਰ ਲਿਆ ਤੇ ਕਿਹਾ,‘ਮੇਰੇ ਘਰ ਅੱਗੇ ਧਰਨਾ ਲਾ ਕੇ ਮੇਰੀ ਬੇਇੱਜ਼ਤੀ ਕੀਤੀ ਸੀ, ਆਹ ਪਿਸਤੌਲ ਦੇਖ ਲੈ, ਜੇ ਮੇਰੇ ਖ਼ਿਲਾਫ਼ ਕੁਝ ਬੋਲਿਆ ਤਾਂ ਦੇਖ ਲਵੀਂ। ਕਿਸੇ ਟੱਰਕ ਵਾਲੇ ਨੂੰ ਲੱਖ ਰੁਪਿਆ ਦੇ ਕੇ ਮਰਵਾ ਵੀ ਸਕਦੇ ਹਾਂ।’
ਇਸੇ ਦੌਰਾਨ ਜਥੇਬੰਦੀ ਦੇ ਆਗੂ ਅਮਰੀਕ ਸਿੰਘ ਘੱਗਾ ਨੇ ਕਿਹਾ ਕਿ ਥਾਣਾ ਘੱਗਾ ਵਿੱਚ ਟਰੈਵਲ ਏਜੰਟਾਂ ਦੇ ਖਿਲਾਫ਼ ਦਰਖਾਸਤ ਦਿੱਤੇ ਜਾਣ ’ਤੇ ਹਫਤੇ ਬਾਅਦ ਕੋਈ ਕਾਰਵਾਈ ਨਹੀਂ ਹੋਈ ਸਗੋਂ ਪੁਲੀਸ ਟਾਲ ਟਮੋਲ ਕਰ ਰਹੀ ਹੈ। ਅੱਜ ਜਥੇਬੰਦੀ ਨੂੰ ਮਜਬੂਰਨ ਥਾਣਾ ਘੱਗਾ ਅੱਗੇ ਧਰਨਾ ਲਾਉਂਦਿਆਂ ਮੁੱਖ ਦਰਵਾਜ਼ਾ ਬੰਦ ਕਰਨਾ ਪਿਆ ਹੈ। ਨਾਇਬ ਤਹਿਸੀਲਦਾਰ ਰਮਨ ਸਿੰਘ ਨੇ ਕਿਸਾਨਾਂ ਦੇ ਆਗੂਆਂ ਨਾਲ ਮੀਟਿੰਗ ਕਰਕੇ 10 ਦਿਨਾਂ ਤੱਕ ਕੇਸ ਦਰਜ ਕਰਨ ਦਾ ਯਕੀਨ ਦਿਵਾਉਣ ਤੇ ਕਿਸਾਨਾਂ ਨੇ ਥਾਣੇ ਦਾ ਘਿਰਾਉ ਸਮਾਪਤ ਕੀਤਾ ਹੈ।