ਪੱਤਰ ਪ੍ਰੇਰਕ
ਪਟਿਆਲਾ, 13 ਅਪਰੈਲ
ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਦਾ ਪਟਿਆਲਾ ਦੀ ਮਹਿੰਦਰਾ ਕੋਠੀ ਵਿਚ ਸੁਸ਼ੋਭਿਤ ਕੀਤਾ ਗਿਆ ਬੁੱਤ 25 ਲੱਖ ਵਿੱਚ ਤਿਆਰ ਕੀਤਾ ਗਿਆ ਹੈ। ਇਹ ਬੁੱਤ ਪੱਛਮੀ ਬੰਗਾਲ ਦੇ ਕਾਰੀਗਰਾਂ ਦੀ ਟੀਮ ਨੇ ਬਣਾਇਆ ਹੈ। ਇਸ ਬੁੱਤ ਦਾ ਪਰਦਾ ਚੁੱਕਣ ਲਈ ਭਾਵੇਂ ਮਹਾਰਾਜਾ ਭੁਪਿੰਦਰ ਸਿੰਘ ਦੇ ਪੋਤਰੇ ਕੈਪਟਨ ਅਮਰਿੰਦਰ ਸਿੰਘ ਨੇ ਆਉਣਾ ਸੀ ਪਰ ਅਚਾਨਕ ਉਨ੍ਹਾਂ ਹੇਠੋਂ ਮੁੱਖ ਮੰਤਰੀ ਦੀ ਕੁਰਸੀ ਖੁੱਸ ਜਾਣ ਤੋਂ ਬਾਅਦ ਇਹ ਕਾਰਜ ਸੈਰ-ਸਪਾਟਾ ਤੇ ਸਭਿਆਚਾਰ ਦੇ ਅਧਿਕਾਰੀਆਂ ਨੇ ਆਪਣੇ ਆਪ ਹੀ ਕਰ ਦਿੱਤਾ। ਸਰਕਾਰੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੁੱਤ ਕੰਪੀਟੈਂਟ ਕੰਸਟਰੱਕਸ਼ਨ ਦੀ ਦੇਖ-ਰੇਖ ਹੇਠ ਤਿਆਰ ਕੀਤਾ ਗਿਆ ਹੈ। ਮਹਾਰਾਜਾ ਭੁਪਿੰਦਰ ਸਿੰਘ ਦਾ ਪਹਿਲਾਂ ਵੀ ਇਕ ਬੁੱਤ ਸ਼ੀਸ਼ ਮਹਿਲ ਪਟਿਆਲਾ ਵਿਚ ਲੱਗਾ ਹੈ, ਉਸ ਬੁੱਤ ਤੋਂ ਹੀ ਇਸ ਬੁੱਤ ਦਾ ਸਾਂਚਾ ਬਣਾਇਆ ਗਿਆ, ਇਹ ਬੁੱਤ ਕਈ ਸਾਰੀਆਂ ਧਾਤਾਂ (ਮੈਟਲ) ਦਾ ਬਣਿਆ ਹੈ, ਜਿਸ ਦਾ ਕੁੱਲ ਵਜ਼ਨ 14 ਕੁਇੰਟਲ ਹੈ। 8 ਫੁੱਟ ਲੰਬਾ ਇਹ ਬੁੱਤ ਕਰੀਬ 3 ਮਹੀਨਿਆਂ ਵਿਚ 15 ਕਾਰੀਗਰਾਂ ਨੇ ਤਿਆਰ ਕੀਤਾ ਹੈ। ਇਸ ਬਾਰੇ ਠੇਕੇਦਾਰ ਬਿਕਰਮਜੀਤ ਸਿੰਘ ਨੇ ਕਿਹਾ ਕਿ ਸਾਨੂੰ ਜੋ ਟੈਂਡਰ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮੌਕੇ ਮਹਿੰਦਰਾ ਕੋਠੀ ਵਿਚ ਹਦਾਇਤਾਂ ਮਿਲੀਆਂ, ਉਨ੍ਹਾਂ ਅਨੁਸਾਰ ਹੀ ਅਸੀਂ ਇਹ ਬੁੱਤ ਬਣਵਾਇਆ ਹੈ। ਇਸੇ ਤਰ੍ਹਾਂ ਐਕਸੀਅਨ ਕਰਮਜੀਤ ਸਿੰਘ ਨੇ ਕਿਹਾ ਕਿ ਮਹਿੰਦਰਾ ਕੋਠੀ ਵਿਚ ਜੋ ਮੈਡਲ, ਹਥਿਆਰ ਤੇ ਸਿੱਕਿਆਂ ਦੀ ਗੈਲਰੀ ਬਣ ਰਹੀ ਹੈ ਉਸ ਵਿਚ ਇਕ ਵਿਸ਼ੇਸ਼ ਕੋਨਾ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਕੀਤੀਆਂ ਪ੍ਰਾਪਤੀਆਂ ਦਰਸਾਉਣ ਲਈ ਵੀ ਬਣਵਾਇਆ ਹੈ। ਇਸੇ ਵਿਸ਼ੇਸ਼ਤਾ ਕਰਕੇ ਪੰਜਾਬ ਦੀ ਕੈਪਟਨ ਸਰਕਾਰ ਨੇ ਇਹ ਬੁੱਤ ਬਣਵਾਇਆ ਸੀ, ਜੋ ਕਿ ਮੁਕੰਮਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ 2017 ਤੋਂ ਮੁੱਖ ਮੰਤਰੀ ਦੇ ਕਾਰਜਕਾਲ ਵਿਚ ਕਾਫ਼ੀ ਚਰਚਿਤ ਰਹੇ ਮਹਾਰਾਜਾ ਭੁਪਿੰਦਰ ਸਿੰਘ ਦੇ ਨਾਮ ’ਤੇ ਕਈ ਪ੍ਰਾਜੈਕਟ ਸ਼ੁਰੂ ਕਰਵਾਏ ਸਨ ਜਿਸ ਤਹਿਤ ਸਪੋਰਟਸ ਯੂਨੀਵਰਸਿਟੀ ਵੀ ਬਣਾਈ ਜਾ ਰਹੀ ਹੈ।